ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਸਰਕਾਰ ਅੱਗੇ ਰੱਖੀ ਮੰਗ, ਜਾਣੋ ਕੀ ਬੋਲੇ
Saturday, May 17, 2025 - 01:41 PM (IST)

ਫਾਜ਼ਿਲਕਾ (ਸੁਖਵਿੰਦਰ ਥਿੰਦ) : ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਦੇ ਪਾਰ ਪੰਜਾਬ ਦੇ ਸਰਹੱਦੀ 6 ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਪਿਛਲੇ ਮਹੀਨੇ ਦੀ 26-27 ਤਾਰੀਖ਼ ਤੋਂ ਬੀ. ਐੱਸ. ਐੱਫ. ਨੇ ਖੇਤੀ ਕਰਨ ਤੋਂ ਰੋਕਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸ. ਸੁਖਦੇਵ ਸਿੰਘ ਸੰਧੂ ਨੇ ਦੱਸਿਆ ਕਿ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅਪੂਰਨ ਸਥਿਤੀ ਬਣ ਗਈ ਸੀ।
ਇਸ ਕਾਰਨ ਕੰਡਿਆਲੀ ਤਾਰ 'ਚ ਲੱਗੇ ਹੋਏ ਗੇਟਾਂ ਨੂੰ ਬੀ. ਐੱਸ. ਐੱਫ. ਵੱਲੋਂ ਬੰਦ ਕਰ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਖੇਤੀ ਕਰਨ ਤੋਂ ਰੋਕ ਦਿੱਤਾ ਗਿਆ ਸੀ ਪਰ ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਹੋਈ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਮਾਹੌਲ਼ ਵੀ ਠੀਕ ਹੈ ਪਰ ਕੰਡਿਆਲੀ ਤਾਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹੀ ਹਨ। ਬੀ. ਐੱਸ. ਐੱਫ. ਵੱਲੋਂ ਗੇਟ ਨਹੀਂ ਖੋਲ੍ਹੇ ਜਾ ਰਹੇ। ਜੇਕਰ ਕੰਪਨੀ ਕਮਾਂਡਰਾਂ ਅਤੇ ਸੀ. ਓਜ਼. ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਅਜੇ ਤੱਕ ਉਪਰੋਂ ਹੁਕਮ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਦਾ ਕਿਸਾਨ ਨਿਰਾਸ਼ ਹੈ। ਸਰਹੱਦੀ ਖੇਤਰ ਦੇ ਕਿਸਾਨਾਂ ਨੇ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਲਈ ਭਾਰਤੀ ਫ਼ੌਜ ਦਾ ਸਾਥ ਦਿੱਤਾ ਹੈ।
ਉਹ ਚਾਹੇ 1965 ਦੀ ਜੰਗ ਹੋਵੇ, ਚਾਹੇ 1971 ਦੀ ਜੰਗ ਜਾਂ ਪੰਜਾਬ 'ਚ ਕਾਲੇ ਦਿਨ, ਚਾਹੇ 1999 ਦੀ ਕਾਰਗਿਲ ਦੀ ਜੰਗ, ਫਰਵਰੀ 2019 ਦੇ ਪੁਲਵਾਮਾਂ ਵਿੱਚ ਫ਼ੌਜ ਉੱਪਰ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਭਾਰਤ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਅੱਡਿਆਂ 'ਤੇ ਕੀਤੇ ਹਮਲੇ ਜਾਂ ਫਿਰ ਹੁਣ 'ਆਪਰੇਸ਼ਨ ਸਿੰਦੂਰ' ਹੋਏ ਪਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਇਸ ਖੇਤਰ ਦੇ ਕਿਸਾਨਾਂ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਕੋਲ ਖੇਤੀ ਲਈ ਸੀਮਤ ਜ਼ਮੀਨ ਹੈ। ਪਰਿਵਾਰ ਨੂੰ ਪਾਲਣ ਲਈ ਰੋਜ਼ੀ-ਰੋਟੀ ਦਾ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਇੱਕੋ-ਇੱਕ ਸਾਧਨ ਕੰਡਿਆਲੀ ਤਾਰ ਤੋਂ ਪਾਰ ਦੀ ਖੇਤੀ ਹੈ। 2023 ਵਿੱਚ ਆਏ ਹੜ੍ਹਾਂ ਨੇ ਇਨ੍ਹਾਂ ਕਿਸਾਨਾਂ ਨੂੰ ਆਰਥਿਕ ਬੋਝ ਹੇਠਾਂ ਦੱਬ ਦਿੱਤਾ ਪਰ ਹੁਣ ਫਿਰ ਉਹੀ ਹਾਲ ਹੈ। ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਕੇਂਦਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਫਿਰ ਕੰਡਿਆਲੀ ਤਾਰ ਤੋਂ ਪਾਰ ਦੇ ਸਾਰੇ ਕਿਸਾਨਾਂ ਨੂੰ ਸੰਸਦ ਭਵਨ 'ਚ ਇਕੱਠਾ ਕਰਕੇ ਮੌਤ ਦੇ ਘਾਟ ਉਤਾਰ ਦੇਵੇ।
ਇਸ ਮੌਕੇ ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਕੰਬੋਜ ਨੇ ਕਿਹਾ ਕਿ ਅਸੀਂ ਆਪਣੇ ਹੱਕਾਂ ਲਈ ਲੜਾਂਗੇ। ਅਸੀਂ ਹਾਰ ਮੰਨਣ ਵਾਲੇ ਲੋਕਾਂ ਵਿਚੋਂ ਨਹੀਂ ਹਾਂ। ਅਸੀਂ ਅੱਜ ਮੰਗ ਪੱਤਰ ਸੌਂਪੇ ਹਨ। 2 ਦਿਨ ਉਡੀਕ ਕਰਾਂਗੇ। ਉਸ ਤੋਂ ਬਾਅਦ ਅਸੀਂ ਸਰਹੱਦੀ 6 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਆਈ. ਜੀ. ਬੀ. ਐੱਸ. ਐੱਫ. ਜਲੰਧਰ ਅਤੇ ਡੀ. ਆਈ. ਜੀ. ਅਬੋਹਰ ਅਤੇ ਹੋਰ ਸਬੰਧਿਤ ਅਫ਼ਸਰਾਂ ਦੇ ਹੈਡਕੁਆਰਟਰਾਂ ਅੱਗੇ ਮੰਗਾਂ ਦੇ ਮਨਵਾਉਣ ਤੱਕ ਸ਼ਾਂਤੀਪੂਰਨ ਧਰਨਾ ਦੇਵਾਂਗੇ।