ਤਹਿਸੀਲਦਾਰ ਪਿਛਲੀ ਖਿੜਕੀ ਰਾਹੀਂ ਫੁਰਰ..., ਭੜਕੇ ਕਿਸਾਨਾਂ ਕੀਤੀ ਨਾਅਰੇਬਾਜ਼ੀ
Thursday, Nov 16, 2017 - 10:55 AM (IST)
ਮੌੜ ਮੰਡੀ (ਪ੍ਰਵੀਨ)-ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਝੋਨੇ ਦੀ ਬੋਲੀ ਨਾ ਹੋਣ ਦੇ ਵਿਰੋਧ ਵਿਚ ਐੱਸ.ਡੀ.ਐੱਮ. ਮੌੜ ਦੇ ਦਫ਼ਤਰ ਵਿਖੇ ਧਰਨਾ ਦੇਣ ਤੋਂ ਬਾਅਦ ਕੋਈ ਸੁਣਵਾਈ ਨਾ ਹੋਣ ਤੋਂ ਭੜਕੇ ਕਿਸਾਨਾਂ ਨੇ ਬੀਤੀ ਕੱਲ ਸ਼ਾਮ ਸਮੇਂ ਨਾਇਬ ਤਹਿਸੀਲਦਾਰ ਮੌੜ ਦਾ ਦਫ਼ਤਰ ਅੰਦਰ ਹੀ ਘਿਰਾਓ ਕਰ ਲਿਆ ਸੀ। ਜਦ ਕਿਸਾਨ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਨਾਇਬ ਤਹਿਸੀਲਦਾਰ ਦਫ਼ਤਰ ਦੀ ਪਿਛਲੀ ਖਿੜਕੀ ਰਾਹੀਂ ਨਿਕਲ ਕੇ ਆਪਣੇ ਘਰ ਪਹੁੰਚ ਗਏ ਸਨ ਅਤੇ ਕਿਸਾਨ ਦਫ਼ਤਰ ਦੇ ਬਾਹਰ ਬੈਠੇ ਨਾਅਰੇਬਾਜ਼ੀ ਕਰਦੇ ਹੀ ਰਹਿ ਗਏ ਸਨ ਜਿਸ ਤੋਂ ਖਫ਼ਾ ਹੋਏ ਕਿਸਾਨਾਂ ਨੇ ਕੱਲ ਹੀ ਐਲਾਨ ਕਰ ਦਿੱਤਾ ਸੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਸ ਤਰ੍ਹਾਂ ਚੋਰੀ ਨਾਲ ਦੌੜ ਜਾਣਾ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੈ ਅਤੇ ਇਹ ਧਰਨਾ ਕੱਲ ਨੂੰ ਵੀ ਲਾਇਆ ਜਾਵੇਗਾ ਅਤੇ ਦੇਖਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀ ਕਿੰਨੀ ਕੁ ਦੇਰ ਪਿਛਲੇ ਰਸਤਿਓਂ ਦੌੜਦੇ ਹਨ।
ਝੋਨੇ ਦੀ ਬੋਲੀ ਨਾ ਹੋਣ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਅੱਜ ਦੂਜੇ ਦਿਨ ਵੀ ਐੱਸ.ਡੀ.ਐੱਮ. ਦਫ਼ਤਰ ਮੌੜ ਵਿਖੇ ਧਰਨਾ ਦੇ ਕੇ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ।
ਅੱਜ ਕਿਸਾਨ ਯੂਨੀਅਨ ਦੇ ਆਗੂਆਂ ਬਲਦੇਵ ਸਿੰਘ ਸੰਦੋਹਾ, ਬਲਵਿੰਦਰ ਸਿੰਘ ਜੋਧਪੁਰ, ਰੇਸ਼ਮ ਸਿੰਘ ਯਾਤਰੀ, ਮੁਖਤਿਆਰ ਸਿੰਘ ਕੁੱਬੇ, ਮਹਿੰਦਰ ਸਿੰਘ, ਜੋਧਾ ਸਿੰਘ ਨਗਲਾ, ਪਰਮਿੰਦਰ ਸਿੰਘ ਗਹਿਰੀ, ਬਲਜਿੰਦਰਜੀਤ ਸਿੰਘ ਜੋਧਪੁਰ, ਬੀਰਬਲ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਜਾਣ-ਬੁੱਝ ਕੇ ਕਿਸਾਨਾਂ ਦੇ ਮਾਲ ਦੀ ਖਰੀਦ ਨਹੀਂ ਕਰ ਰਹੇ ਤਾਂ ਜੋ ਉਹ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਹੋ ਸਕਣ। ਉਨ੍ਹਾਂ ਕਿਹਾ ਪ੍ਰਸ਼ਾਸਨਿਕ ਅਧਿਕਾਰੀ ਮਸਲੇ ਦਾ ਹੱਲ ਕੱਢਣ ਦੀ ਬਜਾਏ ਇਹ ਸੋਚਣ 'ਤੇ ਲੱਗੇ ਹੋਏ ਹਨ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੇਸ਼ਾਨ ਕਿਵੇਂ ਕੀਤਾ ਜਾਵੇ ਤਾਂ ਜੋ ਉਹ ਆਪਣੇ ਸੰਘਰਸ਼ ਛੱਡ ਕੇ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਹੋ ਜਾਣ। ਉਨ੍ਹਾਂ ਕਿਹਾ ਅੱਜ ਪ੍ਰਸ਼ਾਸਨ ਦੀ ਇਹੋ ਜਿਹੀ ਸੋਚ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਦਫ਼ਤਰ ਵਿਚ ਨਾ ਤਾਂ ਐੱਸ.ਡੀ.ਐੱਮ. ਨਾ ਹੀ ਤਹਿਸੀਲਦਾਰ ਅਤੇ ਨਾ ਹੀ ਨਾਇਬ ਤਹਿਸੀਦਾਰ ਆਏ ਹਨ ਅਤੇ ਹੋਰ ਅਮਲਾ ਵੀ ਦਫ਼ਤਰ ਵਿਚੋਂ ਹੌਲੀ-ਹੌਲੀ ਖਿਸਕ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਗੱਲਬਾਤ ਕੀਤੇ ਬਿਨਾਂ ਚੋਰ ਮੋਰੀਆਂ ਰਾਹੀਂ ਦੌੜ ਕੇ ਮਸਲਾ ਹੱਲ ਨਹੀਂ ਹੋਵੇਗਾ ਆਖਿਰਕਾਰ ਤਾਂ ਪ੍ਰਸ਼ਾਸਨ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਹੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਕਿਸਾਨਾਂ ਨੂੰ ਅਣਗੌਲਿਆ ਕਰਦਾ ਰਿਹਾ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਦਬਾਉਣ ਲਈ ਚਾਹੇ ਕੋਈ ਵੀ ਸਕੀਮਾਂ ਬਣਾ ਲਵੇ ਪਰ ਕਿਸਾਨ ਆਪਣਾ ਸੰਘਰਸ਼ ਜਿੱਤ ਕੇ ਰਹਿਣਗੇ। ਇਸ ਮੌਕੇ ਭਾਰੀ ਗਿਣਤੀ 'ਚ ਕਿਸਾਨ ਮੌਜੂਦ ਸਨ।
