ਭਾਜਪਾ ਦੀ ਇੱਕ ਹੋਟਲ 'ਚ ਹੋ ਰਹੀ ਮੀਟਿੰਗ ਨੂੰ ਲੈ ਕੇ ਕਿਸਾਨ ਆਗੂਆਂ ਨੇ ਹੋਟਲ ਦੇ ਬਾਹਰ ਲਗਾਇਆ ਧਰਨਾ
Sunday, Dec 06, 2020 - 06:43 PM (IST)
ਸੁਨਾਮ ਊਧਮ ਸਿੰਘ ਵਾਲਾ (ਬਾਂਸਲ ) - ਸਥਾਨਕ ਇਕ ਹੋਟਲ ਵਿਖੇ ਬੀਜੇਪੀ ਆਗੂਆਂ ਦੀ ਮੀਟਿੰਗ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਹੋਟਲ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਹ ਕਈ ਦਿਨਾਂ ਤੋਂ ਘਰ-ਬਾਰ ਛੱਡ ਕੇ ਧਰਨੇ 'ਤੇ ਬੈਠੇ ਹਨ ਅਤੇ ਵੱਡੀ ਗਿਣਤੀ ਵਿਚ ਕਿਸਾਨ ਦਿੱਲੀ ਸੜਕਾਂ 'ਤੇ ਬੈਠੇ ਹਨ। ਇਹ ਇੱਥੇ ਮੀਟਿੰਗਾਂ ਕਰ ਰਹੇ ਹਨ ਜਿਸ ਦੇ ਚਲਦੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ ਮਹਾ ਪ੍ਰੀਨਿਰਮਾਣ ਦਿਵਸ ਮੌਕੇ ੳੁਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਕਿਸਾਨ ਆਗੂਆਂ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ ਜਾ ਰਹੀ ਹੈ । ਉਹ ਕਿਸਾਨਾਂ ਦੇ ਹੱਕਾਂ ਲਈ ਮੀਟਿੰਗ ਕਰ ਰਹੇ ਹਨ ਅਤੇ ਇਨ੍ਹਾਂ ਗੱਲਾਂ 'ਤੇ ਉਹ ਪੂਰਾ ਵਿਚਾਰ ਕਰਨਗੇ।
ਦੂਜੇ ਪਾਸੇ ਭਾਜਪਾ ਆਗੂਆਂ ਵੱਲੋਂ ਸਥਾਨਕ ਡੀ.ਐੱਸ.ਪੀ. ਦਫਤਰ ਅੱਗੇ ਕੁਝ ਭਾਜਪਾ ਆਗੂਆਂ ਨਾਲ ਖਿੱਚ ਧੂਹ ਹੋਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸ ਮੌਕੇ ਡੀਐੱਸਪੀ ਦਿੜ੍ਹਬਾ ਸ੍ਰੀ ਮੋਹਿਤ ਅਗਰਵਾਲ ਅਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਨੂੰ ਲਿਖਤੀ ਰੂਪ ਵਿਚ ਲਿਖ ਕੇ ਦੇਣ ਕਿ ਉਸ ਨੂੰ ਲੈ ਕੇ ਉਨ੍ਹਾਂ ਵੱਲੋਂ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।