ਕਿਸਾਨਾਂ ਨੇ ਦਾਣਾ ਮੰਡੀ 'ਚ ਲਾਇਆ ਧਰਨਾ

11/16/2017 7:18:15 AM

ਫਗਵਾੜਾ, (ਹਰਜੋਤ, ਜਲੋਟਾ, ਰੁਪਿੰਦਰ ਕੌਰ)- ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਬਰਾਬਰ ਗੰਨੇ ਦੀ ਕੀਮਤ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ 'ਤੇ ਹਜ਼ਾਰਾਂ ਕਿਸਾਨਾਂ ਨੇ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਵਿਖੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਪਾਸੋਂ ਗੰਨੇ ਦਾ ਭਾਅ 330 ਰੁਪਏ ਮੁਕਰਰ ਕਰਨ ਦੀ ਮੰਗ ਕੀਤੀ। 
ਇਸ ਮੌਕੇ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸਭਾ ਦੇ ਬੁਲਾਰੇ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਉਨ੍ਹਾਂ ਦੀ ਕਮੇਟੀ ਅਗਸਤ ਮਹੀਨੇ ਤੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲ ਕੇ ਇਹ ਮੁੱਦਾ ਉਠਾ ਰਹੀ ਹੈ ਪਰ ਸਰਕਾਰ ਨੇ ਇਸ ਸਬੰਧੀ ਕੋਈ ਗੰਭੀਰਤਾ ਨਹੀਂ ਦਿਖਾਈ ਅਤੇ ਪੁਰਾਣਾ ਭਾਅ 300 ਰੁਪਏ ਪ੍ਰਤੀ ਕੁਇੰਟਲ ਹੀ ਚੱਲ ਰਿਹਾ ਹੈ, ਜਦਕਿ ਹਰਿਆਣਾ ਸਰਕਾਰ ਨੇ ਇਹ ਭਾਅ 330 ਰੁਪਏ ਐਲਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਧੇ ਹੋਏ ਖਰਚੇ ਨੂੰ ਪੂਰਾ ਕਰਨ ਲਈ ਇਹ ਭਾਅ ਵਧਾਉਣਾ ਬਹੁਤ ਜ਼ਰੂਰੀ ਹੈ। ਕਾਂਗਰਸ ਸਰਕਾਰ ਤੋਂ ਉਨ੍ਹਾਂ ਨੂੰ ਇਹ ਆਸ ਨਹੀਂ ਸੀ ਪਰ ਸਾਨੂੰ ਜਿੰਨਾ ਲਟਕਾਇਆ ਗਿਆ ਹੈ ਉਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੂੰ ਅੱਜ ਫਗਵਾੜਾ-ਜਲੰਧਰ ਜੀ. ਟੀ. ਰੋਡ 'ਤੇ ਧਰਨਾ ਲਾਉਣ ਦਾ ਐਲਾਨ ਕਰਨਾ ਪਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ 4 ਦਿਨਾਂ 'ਚ ਸਾਡੀ ਸੁਣਵਾਈ ਨਾ ਕੀਤੀ ਤਾਂ ਉਹ 20 ਨਵੰਬਰ ਨੂੰ ਲਵਲੀ ਯੂਨੀਵਰਸਿਟੀ ਦੇ ਸਾਹਮਣੇ ਧਰਨਾ ਦੇਣਗੇ ਅਤੇ ਜੇ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਉਹ ਮਾਣਯੋਗ ਹਾਈਕੋਰਟ ਕੋਲ ਵੀ ਆਪਣਾ ਕੇਸ ਰੱਖਣਗੇ। ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਅਤੇ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਮੌਕੇ 'ਤੇ ਪੁੱਜ ਕੇ ਕਿਸਾਨ ਸਭਾ ਤੋਂ ਮੰਗ-ਪੱਤਰ ਲਿਆ। ਡਿਪਟੀ ਕਮਿਸ਼ਨਰ ਨੇ ਮੰਗ-ਪੱਤਰ ਤੁਰੰਤ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਅੱਜ ਸਵੇਰ ਤੋਂ ਪੈ ਰਹੇ ਮੀਂਹ 'ਚ ਕਿਸਾਨਾਂ ਨੇ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਿਆ।ਧਰਨੇ ਨੂੰ ਸੰਬੋਧਨ ਕਰਨ ਵਾਲਿਆਂ 'ਚ ਹਰਜਿੰਦਰ ਸਿੰਘ, ਕਿਰਪਾਲ ਸਿੰਘ ਮੂਸਾਪੁਰ, ਬਲਵਿੰਦਰ ਸਿੰਘ ਰਾਜੂ ਔਲਖ ਗੁਰਦਾਸਪੁਰ, ਹਰਦੀਪ ਸਿੰਘ ਰਿਹਾਣਾ ਜੱਟਾਂ, ਮੇਜਰ ਸਿੰਘ ਕੁਲਥਮ, ਹਰਸੁਰਿੰਦਰ ਸਿੰਘ ਜਲੰਧਰ, ਬਲਦੇਵ ਸਿੰਘ ਸਿਰਸਾ, ਬਲਵੰਤ ਸਿੰਘ ਸੰਧੂ, ਬਲਵਿੰਦਰ ਸਿੰਘ ਅਹਰਿਆਣਾ ਕਲਾਂ ਵੀ ਸ਼ਾਮਲ ਸਨ।


Related News