ਬਾਰਦਾਨਾ ਨਾ ਮਿਲਣ ਤੋਂ ਭੜਕੇ ਕਿਸਾਨਾਂ ਨੇ ਕੀਤਾ ਕਲਾਨੌਰ ਬਟਾਲਾ-ਮਾਰਗ ਜਾਮ
Saturday, Apr 24, 2021 - 04:04 PM (IST)
ਕਲਾਨੌਰ (ਵਤਨ) : ਅੱਜ ਕਸਬੇ ਦੀ ਦਾਣਾ ਮੰਡੀ ਦੇ ਸਾਹਮਣੇ ਬੀਤੇ ਕਈ ਦਿਨਾਂ ਤੋਂ ਕਣਕ ਦੀ ਭਰਾਈ ਲਈ ਬਾਰਦਾਨਾ ਨਾ ਮਿਲਣ ਤੋਂ ਭੜਕੇ ਕਿਸਾਨਾਂ ਵਲੋਂ ਜਿਥੇ ਕਲਾਨੌਰ-ਬਟਾਲਾ ਮਾਰਗ ’ਤੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਉਥੇ ਹੀ ਸਰਕਾਰ ਵਲੋਂ ਕਣਕ ਦੀ ਖਰੀਦ ਲਈ ਕੀਤੇ ਢਿੱਲੇ ਪ੍ਰਬੰਧਾਂ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਵਰਨਣਯੋਗ ਹੈ ਕਿ ਬੀਤੇ ਕੱਲ ਕਿਸਾਨ ਆਗੂਆਂ ਨੇ ਮਾਰਕੀਟ ਕਮੇਟੀ ਕਲਾਨੌਰ ਵਿਚ ਮੰਗ ਪੱਤਰ ਦਿੰਦਿਆਂ ਚਿਤਾਵਨੀ ਦਿੱਤੀ ਸੀ ਕਿ ਜੇਕਰ ਅੱਜ ਤੱਕ ਕਿਸਾਨਾਂ ਨੂੰ ਬਾਰਦਾਨਾ ਮੁਹੱਈਆ ਨਾ ਕਰਵਾਇਆ ਗਿਆ ਤਾਂ ਕਿਸਾਨਾਂ ਵਲੋਂ ਧਰਨਾ ਦਿੱਤਾ ਜਾਵੇਗਾ ਪਰ ਜਦੋਂ ਅੱਜ ਵੀ ਬਾਰਦਾਨੇ ਦਾ ਪ੍ਰਬੰਧ ਨਾ ਹੋਇਆ ਤਾਂ ਸੰਯੁਕਤ ਕਿਸਾਨ ਮੋਰਚਾ, ਮਾਝਾ ਸੰਘਰਸ਼ ਕਮੇਟੀ, ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸਾਬਕਾ ਸੈਨਿਕ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਭੱਠਾ ਮਜ਼ਦੂਰ ਯੂਨੀਅਨ, ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਕਲਾਨੌਰ ਬਟਾਲਾ ਮਾਰਗ ’ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ।
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੁਜਰਾਜ ਨੇ ਕਿਹਾ ਕਿ ਕਿਸਾਨਾਂ ਅਨੁਸਾਰ ਬਾਰਦਾਨੇ ਦੀ ਸਥਿਤੀ ਜੋ ਇਕ ਹਫਤਾ ਪਹਿਲਾਂ ਸੀ, ਉਹੀ ਸਥਿਤੀ ਅੱਜ ਹੈ, ਜਿਸ ਕਾਰਨ ਜਿਨ੍ਹਾਂ ਕਿਸਾਨਾਂ ਨੇ ਮੰਡੀ ਵਿਚ ਸੁੱਕੀ ਕਣਕ ਲਿਆਂਦੀ ਸੀ, ਉਹ ਵੀ ਮੰਡੀ ਵਿਚ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਗਿੱਲੀ ਹੋ ਗਈ ਹੈ, ਜਿਸ ਕਾਰਨ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਮਾਰਕੀਟ ਕਮੇਟੀ ਅਤੇ ਨਾ ਹੀ ਆੜ੍ਹਤੀਆਂ ਕੋਲ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਕਿਸੇ ਤਰ੍ਹਾਂ ਦੀ ਪ੍ਰਬੰਧ ਹਨ, ਜਿਸ ਕਾਰਨ ਕਿਸਾਨਾਂ ਦੀ ਮੰਡੀ ਵਿਚ ਜਿਣਸ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਮੰਡੀਆਂ ਵਿਚ ਸਰਕਾਰ ਵਲੋਂ ਬਾਰਦਾਨੇ ਅਤੇ ਹੋਰ ਪ੍ਰਬੰਧ ਨਾ ਕੀਤੇ ਗਏ ਤਾਂ ਪਿੰਡਾਂ ਤੋਂ ਕਿਸਾਨ ਟਰਾਲੀਆਂ ਭਰ ਕੇ ਪਹੁੰਚਣਗੇ ਅਤੇ ਮਾਰਕੀਟ ਕਮੇਟੀ ਅੱਗੇ ਪੱਕਾ ਧਰਨਾ ਲਾ ਦੇਣਗੇ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।