ਧੂ-ਧੂ ਕੇ ਜਲਦੇ ਕਣਕ ਦੇ ਖੇਤਾਂ ''ਤੇ ਹੰਝੂ ਵਹਾਉਂਦੇ ਕਿਸਾਨ, ਵੋਟਾਂ ਦੀ ਰਾਜਨੀਤੀ ''ਚ ਰੁੱਝੇ ਹੋਏ ਨੇ ਨੇਤਾ
Monday, Apr 29, 2019 - 03:52 PM (IST)
ਜਲੰਧਰ (ਸੂਰਜ ਠਾਕੁਰ) : ਪੰਜਾਬ 'ਚ ਜਿਵੇਂ-ਜਿਵੇਂ ਪਾਰਾ ਵਧਣ ਲੱਗਾ ਹੈ, ਸਿਆਸਤ 'ਚ ਵੀ ਉਨੀ ਹੀ ਜ਼ਿਆਦਾ ਗਰਮਾਹਟ ਆ ਰਹੀ ਹੈ। ਅਜਿਹੇ ਚੋਣ ਮਾਹੌਲ 'ਚ ਚੋਣ ਮੈਦਾਨ 'ਚ ਉਤਰੇ ਆਗੂਆਂ ਨੂੰ ਖੇਤਾਂ 'ਚੋਂ ਨਿਕਲਣ ਵਾਲੀ ਉਸ ਅੱਗ ਦੀ ਤਪਸ਼ ਵੀ ਮਹਿਸੂਸ ਨਹੀਂ ਹੋ ਰਹੀ, ਜੋ ਪੰਜਾਬ ਦੇ ਕਿਸਾਨਾਂ ਦੀ ਕਈ ਸੌ ਏਕੜ ਜ਼ਮੀਨ 'ਤੇ ਖੜ੍ਹੀ ਕਣਕ ਦੀ ਫਸਲ ਨੂੰ ਰਾਖ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਸਰਹੱਦੀ ਕਿਸਾਨਾਂ ਦੀ 1500 ਏਕੜ ਤੋਂ ਜ਼ਿਆਦਾ ਜ਼ਮੀਨ 'ਤੇ ਖੜ੍ਹੀ ਕਣਕ ਦੀ ਫਸਲ ਤਬਾਹ ਹੋ ਚੁੱਕੀ ਹੈ। ਜਦਕਿ ਚੋਣਾਂ ਕਾਰਨ ਪੀੜਤ ਕਿਸਾਨਾਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਹੈ।
ਇਕ ਗਾਇਕ ਕਰ ਰਿਹੈ ਮਦਦ
ਇਹ ਇਕ ਵੱਖਰੀ ਗੱਲ ਹੈ ਕਿ ਕਿਸਾਨਾਂ ਦੇ ਵੋਟ ਹਾਸਲ ਕਰਨ ਲਈ ਉਨ੍ਹਾਂ ਦਾ 2 ਲੱਖ ਦਾ ਕਰਜ਼ਾ ਮੁਆਫ ਕਰ ਦਿੱਤਾ ਸੀ, ਪਰ ਸਰਕਾਰ ਹਰ ਸਾਲ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਸ਼ਾਇਦ ਭੁੱਲ ਗਈ ਹੈ। ਸਿਰਫ ਇਕ ਪੰਜਾਬੀ ਗਾਇਕ ਹੈ ਜੋ ਖੇਤਾਂ 'ਚ ਅੱਗ ਦੀ ਭਿਣਕ ਲੱਗਦੇ ਹੀ ਮੌਕੇ 'ਤੇ ਪਹੁੰਚ ਜਾਂਦਾ ਹੈ ਅਤੇ ਕਿਸਾਨਾਂ ਦੇ ਵੀਡੀਓ ਬਣਾ ਕੇ ਵਿਦੇਸ਼ਾਂ 'ਚ ਵਸੇ ਲੱਖਾਂ ਪੰਜਾਬੀ ਐੱਨ. ਆਰ. ਆਈਜ਼ ਕੋਲੋਂ ਉਨ੍ਹਾਂ ਦੀ ਵਿੱਤੀ ਸਹਾਇਤਾ ਦੀ ਗੁਹਾਰ ਲਾਉਂਦਾ ਹੈ। ਇਹ ਕਿਸਾਨ ਹਿਤੈਸ਼ੀ ਗਾਇਕ ਕਿਸਾਨਾਂ ਦੇ ਨੰਬਰ ਵੀ ਵੀਡੀਓ ਅਤੇ ਫੇਸਬੁੱਕ 'ਤੇ ਸ਼ੇਅਰ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਸਿੱਧੀ ਸਹਾਇਤਾ ਕਰਨ ਦੀ ਅਪੀਲ ਕਰਦਾ ਹੈ। ਇਸ ਗਾਇਕ ਦਾ ਨਾਂ ਜਗਦੀਪ ਰੰਧਾਵਾ ਹੈ। ਰੰਧਾਵਾ ਰਾਮਪੁਰਾ ਫੂਲ ਇਲਾਕੇ ਨਾਲ ਸਬੰਧ ਰੱਖਦਾ ਹੈ। ਰੰਧਾਵਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ਦੇ ਆਧਾਰ 'ਤੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਕੰਬਾਈਨ ਸ਼ਾਰਟ ਸਰਕਟ ਨੇ ਨਿਗਲੀ 100 ਏਕੜ 'ਤੇ ਲੱਗੀ ਕਣਕ, ਪਹਿਲਾਂ ਤੋਂ ਹੀ ਕਰਜ਼ੇ 'ਚ ਡੁੱਬੇ ਹਨ ਪੀੜਤ
ਰੰਧਾਵਾ ਨੇ ਜਦੋਂ ਬਰਨਾਲਾ ਦੇ ਪਿੰਡ ਠੀਕਰੀਵਾਲਾ 'ਚ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਕਿ ਸਿਆਸੀ ਦਲ ਉਨ੍ਹਾਂ ਨੂੰ ਭਰੋਸਾ ਹੀ ਦੇ ਰਹੇ ਹਨ। ਇਨ੍ਹਾਂ 'ਚ ਪੀੜਤ ਇਕ ਸਰਹੱਦੀ ਕਿਸਾਨ ਅਜਿਹਾ ਵੀ ਹੈ, ਜਿਸ ਦੀ ਆਪਣੀ ਸਿਰਫ 3 ਏਕੜ ਜ਼ਮੀਨ ਹੈ ਜਦੋਂਕਿ ਉਸ ਨੇ ਠੇਕੇ 'ਤੇ 200 ਏਕੜ ਜ਼ਮੀਨ ਲਈ ਤੇ 15 ਏਕੜ 'ਚ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ। ਸਾਰੇ ਪੀੜਤ ਕਿਸਾਨ ਬੈਂਕਾਂ ਦੇ ਲਗਭਗ 5 ਲੱਖ ਰੁਪਏ ਦੇ ਕਰਜ਼ਦਾਰ ਹਨ। ਹੁਣ ਉਹ ਸੁਆਹ ਹੋਈ ਕਣਕ ਦੀ ਫਸਲ 'ਤੇ ਹੰਝੂ ਵਹਾ ਰਹੇ ਹਨ।
ਖੁਦਕੁਸ਼ੀ ਕਰਨ ਚੱਲਿਆ ਸੀ ਕਿਸਾਨ, ਇੰਝ ਬਚੀ ਜਾਨ
ਇੰਝ ਹੀ ਬਰਨਾਲਾ ਦੇ ਇਕ ਪਿੰਡ ਥੂੜਕੋਟ 'ਚ 25 ਏਕੜ ਜ਼ਮੀਨ 'ਤੇ ਖੜ੍ਹੀ ਕਣਕ ਦੀ ਫਸਲ ਅੱਗ ਦੀ ਲਪੇਟ 'ਚ ਆ ਗਈ। ਇਥੇ ਇਕ ਰਾਮਦਾਸੀਆ ਸਿੱਖ ਦਰਸ਼ਨ ਸਿੰਘ ਨੇ 5 ਏਕੜ ਜ਼ਮੀਨ ਠੇਕੇ 'ਤੇ ਲਈ ਤੇ ਇਸ ''ਚ ਸਾਰੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ। ਦਰਸ਼ਨ ਸਿੰਘ ਦੀਆਂ 4 ਧੀਆਂ ਹਨ। ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਹ ਆਤਮ ਹੱਤਿਆ ਕਰਨ ਦੇ ਚੱਕਰ 'ਚ ਸੀ ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਕਣਕ ਤੇ ਥੋੜ੍ਹੀ ਵਿੱਤੀ ਸਹਾਇਤਾ ਦਿੱਤੀ ਤਾਂ ਜਾ ਕੇ ਉਸ ਦੀ ਜਾਨ ਬਚੀ।
ਅੱਗ ਲਈ ਬਿਜਲੀ ਵਿਭਾਗ ਵੀ ਜ਼ਿੰਮੇਵਾਰ
ਅੱਗ ਲੱਗਣ ਦੀਆਂ ਜ਼ਿਆਦਾਤਰ ਘਟਨਾਵਾਂ ਬਿਜਲੀ ਦੇ ਖੰਭਿਆਂ 'ਚ ਲੱਗੇ ਸਵਿੱਚਾਂ ਕਾਰਨ ਵਾਪਰੀਆਂ ਹਨ, ਜਿਸ ਲਈ ਕਿਸਾਨ ਸਿੱਧੇ ਤੌਰ 'ਤੇ ਬਿਜਲੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਕਿਸਾਨ ਕਹਿੰਦੇ ਹਨ ਕਿ ਕਣਕ ਦੀ ਕਟਾਈ ਤੋਂ ਪਹਿਲਾਂ ਬਿਜਲੀ ਵਿਭਾਗ ਨੂੰ ਬਾਕਾਇਦਾ ਸ਼ਿਕਾਇਤ ਕੀਤੀ ਜਾਂਦੀ ਹੈ ਜਦੋਂਕਿ ਭਾਰੀ ਤਨਖਾਹ ਪਾਉਣ ਵਾਲੇ ਇਨ੍ਹਾਂ ਅਧਿਕਾਰੀਆਂ ਨੇ ਕੋਈ ਧਿਆਨ ਨਹੀਂ ਦਿੱਤਾ।
ਕਿਸਾਨ ਨਹੀਂ ਰਹਿਣਗੇ ਤਾਂ ਕਿਸ ਨੂੰ ਭਾਸ਼ਣ ਦੇਣਗੇ ਨੇਤਾ : ਰੰਧਾਵਾ
ਗਾਇਕ ਜਗਦੀਪ ਰੰਧਾਵਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਉਸ ਦਾ ਸਬੰਧ ਕਿਸੇ ਸਿਆਸੀ ਪਾਰਟੀ ਨਾਲ ਹੈ। ਕਿਤੇ ਵੀ ਅੱਗ ਲੱਗਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਮੌਕੇ 'ਤੇ ਪਹੁੰਚ ਜਾਂਦੇ ਹਨ। ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਉਹ ਜਾਗਰੂਕ ਕਰਦੇ ਹਨ ਕਿ ਉਸ ਦੀ ਮਦਦ ਸਰਕਾਰ ਜਾਂ ਕੋਈ ਨੇਤਾ ਨਹੀਂ ਕਰੇਗਾ। ਇਕ-ਦੂਜੇ ਦੀ ਮਦਦ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਹ ਕਹਿੰਦੇ ਹਨ ਕਿ ਆਗੂ ਕਿਸਾਨਾਂ ਦੇ ਸਿਰ 'ਤੇ ਸਿਆਸਤ 1947 ਤੋਂ ਕਰਦੇ ਆ ਰਹੇ ਹਨ ਜੇਕਰ ਕਿਸਾਨ ਹੀ ਨਹੀਂ ਰਹਿਣਗੇ ਤਾਂ ਇਹ ਭਾਸ਼ਣ ਕਿਸ ਨੂੰ ਦੇਣਗੇ।