ਮਾਮਲਾ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਦਾ : ਨਿਯਮਾਂ ਮੁਤਾਬਕ ਵਾਪਿਸ ਕੀਤੀਆਂ ਜਾਣ ਜ਼ਮੀਨਾਂ : ਸਰਪੰਚ

07/19/2017 8:09:01 PM

ਬੁਢਲਾਡਾ (ਮਨਜੀਤ)—ਵਿਧਾਨ ਸਭਾ ਹਲਕਾ ਬੁਢਲਾਡਾ ਦੇ ਕੇਂਦਰ ਪਿੰਡ ਗੋਬਿੰਦਪੁਰਾ ਵਿਖੇ ਕਿਸਾਨਾਂ ਦੀਆਂ ਸੈਂਕੜੇ ਏਕੜ ਉਪਜਾਊ ਜ਼ਮੀਨਾਂ 2008 'ਚ ਪੰਜਾਬ ਸਰਕਾਰ ਵੱਲੋਂ ਐਕਵਾਇਰ ਬਿਜਲੀ ਤਾਪ ਘਰ ਲਾਉਣ ਲਈ ਕੀਤੀ ਸੀ, ਜਿਸ ਦਾ ਨਿਰਮਾਣ ਪੰਜ ਸਾਲਾਂ ਦੇ ਅੰਦਰ-ਅੰਦਰ ਸ਼ੁਰੂ ਹੋਣਾ ਸੀ ਜੋ ਕਿ ਨਹੀਂ ਹੋਇਆ। ਨਿਯਮਾਂ ਅਨੁਸਾਰ ਕਿਸਾਨਾਂ ਦੀ ਜ਼ਮੀਨ ਵਾਪਿਸ ਕੀਤੀ ਜਾਵੇ।ਇਸ ਸੰਬੰਧੀ ਪਿੰਡ ਗੋਬਿੰਦਪੁਰਾ ਦੇ ਸਰਪੰਚ ਗੁਰਲਾਲ ਸਿੰਘ ਦੀ ਅਗਵਾਈ 'ਚ ਪੰਚਾਇਤ ਦਾ ਵਫਦ ਸੀਨੀਅਰੀ ਕਾਂਗਰਸੀ ਆਗੂ ਅਤੇ ਰਿਟਾਇਰਡ ਆਈ.ਪੀ.ਐੱਸ. ਅਧਿਕਾਰੀ ਸੁਖਦੇਵ ਸਿੰਘ ਭੱਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਸੋਂਪਿਆ ਗਿਆ। ਮੰਗ ਪੱਤਰ 'ਚ ਪੰਚਾਇਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਪੰਜਾਬ ਸਰਕਾਰ ਨੇ ਬਿਜਲੀ ਦਾ ਤਾਪ ਘਰ ਲਾਉਣ ਲਈ ਜ਼ਮੀਨ ਐਕਵਾਇਰ ਕੀਤੀ ਸੀ ਤੇ ਪ੍ਰਤੀ ਪਰਿਵਾਰ ਜ਼ਮੀਨ ਦੇ ਮਾਲਕਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ ਦੇਣੀ ਸੀ ਅਤੇ ਮਜਦੂਰਾਂ ਨੂੰ ਤਿੰਨ ਲੱਖ ਰੁਪਏ ਉਜਾੜਾ ਭੱਤਾ ਦੇਣਾ ਬਣਦਾ ਸੀ, ਜੋ ਕਿ ਨਿਯਮਾਂ ਅਨੁਸਾਰ ਨਹੀ ਹੋਇਆ। 
ਸਰਪੰਚ ਗੁਰਲਾਲ ਸਿੰਘ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਅਫਸਰ ਸ਼ਾਹੀ ਨੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਪਰ ਅਸਲੀ ਜ਼ਮੀਨਾਂ ਦੇ ਮਾਲਕਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਅਤੇ ਮਜਦੂਰਾਂ ਨੂੰ ਉਜਾੜਾ ਭੱਤਾ ਵੀ ਨਹੀ ਦਿੱਤਾ ਗਿਆ ਜੋ ਕਿ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਥਰਮਲ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਕੇ ਅਸਲੀ ਵਾਰਿਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਅਤੇ ਉਸ ਸਮੇਂ ਘਪਲੇਬਾਜ਼ੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਰੱਖੀ। ਇਸ ਮੌਕੇ 'ਤੇ ਸ: ਭੱਟੀ ਨੇ ਵਫਦ ਨੂੰ ਵਿਸ਼ਵਾਸ ਦਿਵਾਇਆ ਕਿ ਅਸਲੀ ਹੀ ਵਾਰਿਸਾਂ ਨੂੰ ਨਿਯਮਾਂ ਅਨੁਸਾਰ ਸਰਕਾਰ ਤੋਂ ਨੌਕਰੀਆਂ ਦਵਾਉਣ ਲਈ ਅਤੇ ਸਾਰੇ ਹੀ ਥਰਮਲ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਮਿਲਣਗੇ ਅਤੇ ਧਾਂਦਲੀਆਂ ਕਰਨ ਵਾਲ਼ਿਆਂ ਖਿਲਾਫ ਸਖਤ ਕਾਰਵਾਈ ਕਰਵਾਉਣਗੇ।ਇਸ ਮੌਕੇ 'ਤੇ ਵਫਦ 'ਚ ਬਲਾਕ ਕਮੇਟੀ ਮੈਂਬਰ ਕੁਲਦੀਪ ਸਿੰਘ, ਮਾ : ਪ੍ਰਕਾਸ਼ ਚੰਦ ਸ਼ਰਮਾ, ਜੁਗਰਾਜ ਕਾਲਾ, ਰਣਵੀਰ ਸਿੰਘ ਗੋਬਿੰਦਪੁਰਾ, ਗੁਰਤੇਜ ਸਿੰਘ ਤੇਜੀ, ਸੁਖਪਾਲ ਸਿੰਘ ਮਾਲੀ, ਤਰਸੇਮ ਸਿੰਘ ਸੇਮਾ, ਗੁਰਦੀਪ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Related News