'ਕਿਸਾਨ ਅੰਦੋਲਨ' ਬਣਿਆ ਭਾਈਚਾਰਕ ਸਾਂਝ ਦਾ ਮੁਜੱਸਮਾ, ਹਿੰਦੂ ਬਣਾ ਰਹੇ ਤੇ ਮੁਸਲਿਮ ਵਰਤਾ ਰਹੇ ਨੇ 'ਲੰਗਰ' (ਤਸਵੀਰਾਂ)

Thursday, Dec 03, 2020 - 12:16 PM (IST)

'ਕਿਸਾਨ ਅੰਦੋਲਨ' ਬਣਿਆ ਭਾਈਚਾਰਕ ਸਾਂਝ ਦਾ ਮੁਜੱਸਮਾ, ਹਿੰਦੂ ਬਣਾ ਰਹੇ ਤੇ ਮੁਸਲਿਮ ਵਰਤਾ ਰਹੇ ਨੇ 'ਲੰਗਰ' (ਤਸਵੀਰਾਂ)

ਸਮਰਾਲਾ (ਗਰਗ) : ਦੇਸ਼ ਦੇ ਅੰਨਦਾਤਾ ਮੰਨੇ ਜਾਂਦੇ ਕਿਸਾਨਾਂ ਵੱਲੋਂ ਕੇਂਦਰ ਦੇ ਪਾਸ ਕੀਤੇ ਗਏ ਬਿੱਲਾਂ ਖ਼ਿਲਾਫ਼ ਦਿੱਤਾ ਜਾ ਰਿਹਾ ਦਿੱਲੀ ਦਾ ਰੋਸ ਧਰਨਾ ਪੰਜਾਬੀਆਂ ਦੇ ਹੌਂਸਲੇ ਤੇ ਦ੍ਰਿੜਤਾ ਦੇ ਨਾਲ-ਨਾਲ ਭਾਈਚਾਰਕ ਸਾਂਝ ਪੇਸ਼ ਕਰਨ ਵਾਲਾ ਮੁਜੱਸਮਾਂ ਬਣਨ ਲੱਗਾ ਹੈ। ਆਪਣੇ ਹੱਕਾਂ ਦੀ ਲੜਾਈ ਦੇ ਨਾਂ 'ਤੇ ਲਗਾਇਆ ਗਿਆ ਪੰਜਾਬ ਦੇ ਕਿਸਾਨਾਂ ਦਾ ਇਹ ਮੋਰਚਾ ਦੇਖਦੇ ਹੀ ਦੇਖਦੇ ਸਾਰੇ ਧਰਮਾਂ ਅਤੇ ਕਈ ਸੂਬਿਆਂ ਦਾ ਸਾਂਝਾ ਸੰਘਰਸ਼ ਬਣ ਕੇ ਸਾਹਮਣੇ ਆ ਚੁੱਕਾ ਹੈ। ਇਸ ਧਰਨੇ 'ਚ ਗੁਰੂ ਦੇ ਲੰਗਰਾਂ ਦੀ ਚੱਲਦੀ ਪਵਿੱਤਰ ਪਰੰਪਰਾ ਅਤੇ ਦਿੱਲੀ ਦੀ ਫਿਜ਼ਾ 'ਚ ਗੂੰਜਦੇ ਚੜ੍ਹਦੀ ਕਲ੍ਹਾ ਦੇ ਜੈਕਾਰੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਦੁਨੀਆਂ ਭਰ 'ਚ ਦੁਹਰਾਉਣ ਅਤੇ ਚਮਕਾਉਣ ਲੱਗੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ 'ਤੇ ਜਹਾਜ਼ 'ਚ ਨਹੀਂ ਬੈਠਣ ਦਿੱਤੇ ਬੱਚੇ, ਪੂਰਾ ਵਾਕਿਆ ਜਾਣ ਰਹਿ ਜਾਵੋਗੇ ਹੈਰਾਨ

PunjabKesari

ਇਸ ਧਰਨੇ 'ਚ ਸਿੱਖਾਂ ਦੇ ਨਾਲ ਹਿੰਦੂ ਧਰਮ ਦੇ ਲੋਕ ਵੀ ਖਾਣਾ ਬਣਾ ਰਹੇ ਹਨ, ਮੁਸਲਿਮ ਲੋਕ ਖਾਣਾ ਵਰਤਾ ਰਹੇ ਹਨ ਅਤੇ ਸਾਰੇ ਧਰਮਾਂ ਦੇ ਲੋਕ ਇਸ ਬਣਾਏ ਗਏ ਖਾਣੇ ਨੂੰ ਗੁਰੂ ਦਾ ਲੰਗਰ ਮੰਨ ਕੇ ਖਾਹ ਰਹੇ ਹਨ। ਇੰਨਾ ਹੀ ਨਹੀਂ, ਜਿਨ੍ਹਾ ਹੱਥਾਂ ਤੋਂ ਧਰਨਾਕਾਰੀਆਂ ਨੇ ਲਾਠੀਆਂ ਤੇ ਪਾਣੀ ਦੀਆਂ ਬੌਛਾੜਾਂ ਖਾਧੀਆਂ, ਉਨ੍ਹਾਂ ਹੱਥਾਂ 'ਤੇ ਤਿੰਨੋਂ ਪਹਿਰ ਪ੍ਰਸ਼ਾਦੇ ਰੱਖ ਕੇ ਭਾਈ ਘਨੱਈਆ ਜੀ ਦੇ ਪਾਏ ਪੂਰਨਿਆਂ ਦੀ ਪੈਰਵਾਈ ਵੀ ਕਰ ਰਹੇ ਹਨ। ਸ਼ੇਰ ਸਾਹ ਸੂਰੀ ਮਾਰਗ ਰਾਹੀਂ ਦਿੱਲੀ ਦੀਆਂ ਸਵਾਗਤੀ ਬਰੂਹਾਂ ਤੱਕ ਪੁੱਜਣ ਲਈ ਪੰਜਾਬ ਦੇ ਕਿਸਾਨਾਂ ਨੇ ਜਿਸ ਤਰ੍ਹਾ ਰਾਹ 'ਚ ਆਈਆਂ ਸਖ਼ਤ ਔਂਕੜਾਂ ਅਤੇ ਸਰਕਾਰ ਦੇ ਪਹਿਰਿਆਂ ਨੂੰ ਆਪਣੇ ਜੋਸ਼ ਅਤੇ ਹਿੰਮਤ ਨਾਲ ਤੋੜਿਆ, ਉਸ ਨੂੰ ਪੂਰੀ ਦੁਨੀਆਂ ਪਹਿਲਾਂ ਹੀ ਸੂਰਬੀਰਤਾ ਦਾ ਪ੍ਰਮਾਣ ਮੰਨ ਰਹੀ ਹੈ ਪਰ ਹੁਣ ਦਿੱਲੀ ਨੂੰ ਚਹੁੰ ਤਰਫੋਂ ਘੇਰੀ ਬੈਠੇ ਕਿਸਾਨਾਂ ਦੇ ਇਨ੍ਹਾਂ ਧਰਨਿਆਂ 'ਚ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਕਈ ਸੂਬਿਆਂ ਤੋਂ ਆਏ ਲੋਕ ਵੀ ਆਪਣੀ ਸ਼ਮੂਲੀਅਤ ਪਾਉਣ ਲੱਗੇ ਹਨ।

ਇਹ ਵੀ ਪੜ੍ਹੋ : ਜਾਣੋ ਪੰਜਾਬ 'ਚ ਆਉਂਦੇ ਦਿਨਾਂ ਦੌਰਾਨ ਕਿਵੇਂ ਰਹੇਗਾ 'ਮੌਸਮ', ਜਾਰੀ ਹੋਇਆ ਵਿਸ਼ੇਸ਼ ਬੁਲੇਟਿਨ

PunjabKesari

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਵੀ ਬਿਨਾ ਕਿਸੇ ਜਾਤਪਾਤ ਅਤੇ ਧਰਮ ਦੇ ਭੇਦਭਾਵ ਤੋਂ ਲੋਕ ਆਪ ਮੂਹਾਰੇ ਦਿੱਲੀ ਵੱਲ ਨੂੰ ਬਹੀਰਾਂ ਘੱਤਣ ਲੱਗੇ ਹਨ। ਦਿੱਲੀ ਦਾ ਉਹ ਰਾਸ਼ਟਰੀ ਮਾਰਗ, ਜਿੱਥੇ ਦਿਨ-ਰਾਤ ਲਗਾਤਾਰ ਆਵਾਜਾਈ ਚੱਲਦੀ ਰਹਿੰਦੀ ਸੀ, ਉਹ ਮਾਰਗ ਹੁਣ ਧਰਨਾਕਾਰੀ ਕਿਸਾਨਾਂ ਦਾ ਆਸ਼ਿਆਨਾ ਬਣ ਚੁੱਕਾ ਹੈ। ਉਸ ਮਾਰਗ 'ਤੇ ਬਲ੍ਹਦੇ ਸਾਂਝੇ ਚੁੱਲ੍ਹੇ ਤੇ ਤਾਰਾਂ ਉੱਪਰ ਸੁੱਕਣੇ ਪਾਏ ਕੱਪੜੇ ਕਦੇ ਘਰਾਂ ਦਾ ਭੁਲੇਖਾ ਪਾਉਂਦੇ ਹਨ ਅਤੇ ਕਦੇ ਗਰਮਜੋਸ਼ੀ 'ਚ ਲੱਗਦੇ ਜੈਕਾਰੇ ਤੇ ਸਰਕਾਰਾਂ ਨੂੰ ਪੈਂਦੀਆਂ ਲਲਕਾਰਾਂ ਕਿਸੇ ਅਣ ਐਲਾਨੀ ਜਿਹੀ ਜੰਗ ਦਾ ਭੁਲੇਖਾ ਪਾਉਂਦੀਆਂ ਹਨ ਅਤੇ ਫਿਰ ਪੰਗਤਾਂ 'ਚ ਬੈਠ ਲੰਗਰ ਛਕਦੇ ਅਤੇ ਪਾਠ ਕਰਦੇ ਅਤੇ ਸਰਬੱਤ ਦਾ ਭਲਾ ਮੰਗਦੇ ਕਿਸਾਨਾਂ ਨੂੰ ਦੇਖ ਕਿਸੇ ਗੁਰੂ ਘਰ ਦਾ ਭੁਲੇਖਾ ਵੀ ਪਾਉਂਦਾ ਹੈ।

ਇਹ ਵੀ ਪੜ੍ਹੋ : ਬਜ਼ੁਰਗ ਬੇਬੇ ਨਾਲ ਪੰਗਾ ਲੈ ਕੇ ਕਸੂਤੀ ਘਿਰੀ 'ਕੰਗਨਾ ਰਣੌਤ', ਹੁਣ ਵਕੀਲ ਨੇ ਭੇਜਿਆ ਨੋਟਿਸ

PunjabKesari

ਇੱਥੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਵੀ ਵੇਖਣ ਨੂੰ ਮਿਲਦੀ ਹੈ ਕਿ ਸਰਕਾਰ ਨਾਲ ਸਮਝੌਤਾ ਸਿਰੇ ਨਾ ਚੜ੍ਹਨ ਦੀ ਸੂਰਤ 'ਚ ਧਰਨਾਂਕਾਰੀਆਂ ਨਾਲ ਸਖਤੀ ਨਾਲ ਨਜਿੱਠਣ ਲਈ ਪੁਲਸ ਅਤੇ ਬਾਕੀ ਫੋਰਸਾਂ ਵੱਲੋਂ ਆਪਣੀ ਘੇਰਾਬੰਦੀ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੰਨਾਂ, ਲਾਠੀਆਂ ਤੇ ਬੰਦੂਕਾਂ ਚੁੱਕੀ ਫਿਰਦੇ ਫ਼ੌਜੀ ਲਗਾਤਾਰ ਇਨ੍ਹਾਂ ਧਰਨਾਕਾਰੀਆਂ 'ਤੇ ਬਾਜ਼ ਅੱਖ ਰੱਖੀ ਬੈਠੇ ਹਨ। ਜੇਕਰ ਕੁੰਡਲੀ ਧਰਨੇ ਉੱਪਰ ਨਿਗ੍ਹਾ ਮਾਰੀਏ ਤਾਂ ਵੇਖਣ 'ਚ ਆਉਂਦਾ ਹੈ ਕਿ ਕਰੀਬ ਚਾਰ ਕਿਲੋਮੀਟਰ ਲੰਮੇ ਇਸ ਧਰਨੇ ਦੀ ਸਟੇਜ ਜੋ ਕਿ ਦਿੱਲੀ ਵਾਲੇ ਪਾਸੇ ਲੱਗੀ ਹੋਈ ਹੈ, ਦੇ ਉਪਰਲੇ ਪਾਸੇ ਫੋਰਸਾਂ ਵੱਲੋਂ ਕੰਡਾਤਾਰ ਤਾਰ ਤੋਂ ਬਾਅਦ ਬੈਰੀਗੇਟ ਅਤੇ ਉਸ ਤੋਂ ਬਾਅਦ ਮਿੱਟੀ ਦੇ ਭਰੇ ਟਿੱਪਰਾਂ ਤੋਂ ਇਲਾਵਾ ਪਾਣੀ ਦੀਆਂ ਬੋਛਾੜਾਂ ਮਾਰਨ ਲਈ ਟੈਂਕਰ ਖੜ੍ਹੇ ਕੀਤੇ ਗਏ ਹਨ।

ਪੂਰੀ ਮੁਸਤੈਦੀ ਵਰਤ ਰਹੇ ਇਹ ਸੁਰੱਖਿਆ ਮੁਲਾਜ਼ਮ ਭਾਵੇਂ ਧਰਨਾਕਾਰੀਆਂ ਦੀ ਹਰ ਗਤੀਵਿਧੀ ਨੂੰ ਗੌਰ ਨਾਲ਼ ਤੱਕ ਰਹੇ ਹਨ ਪਰ ਗੁਰੂ ਦੇ ਲੰਗਰ 'ਚੋਂ ਬਣਿਆ ਪ੍ਰਸ਼ਾਦਾ ਬਿਨਾ ਭੇਦਭਾਵ ਤੋਂ ਇਨ੍ਹਾਂ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਛਕਾਇਆ ਜਾਂਦਾ ਹੈ। ਟਰਾਲੀਆਂ ਉੱਪਰ ਤਰਪਾਲਾਂ ਪਾ ਕੇ ਨਿੱਕੇ–ਨਿੱਕੇ ਘਰ ਬਣਾਈ ਬੈਠੇ ਕਿਸਾਨਾਂ ਦੇ ਹੱਕ 'ਚ ਬਾਹਰੀ ਸੂਬਿਆਂ ਤੋਂ ਆਉਂਦੇ ਲੋਕ ਆਪਣੇ ਨਾਲ਼ ਫਲ–ਫਰੂਟ, ਰਾਸ਼ਨ, ਕੰਬਲ ਅਤੇ ਹੋਰ ਲੋੜ ਦਾ ਸਾਮਾਨ ਲਿਆ ਕੇ ਇਥੇ ਆਵਾਜ਼ਾਂ ਮਾਰ-ਮਾਰ ਕੇ ਵੰਡ ਰਹੇ ਹਨ। ਇਸ ਧਰਨੇ 'ਚੋਂ ਭਾਰਈਚਾਰਕ ਸਾਂਝ ਦੀ ਤਸਵੀਰ ਉਦੋਂ ਉੱਭਰ ਕੇ ਸਾਹਮਣੇ ਆਉਂਦੀ ਹੈ, ਜਦੋਂ ਹਰਿਆਣਾ ਸੂਬੇ ਤੋਂ ਆਏ ਲੋਕ ਪੰਜਾਬ ਨੂੰ ਆਪਣਾ ਵੱਡਾ ਭਰਾ ਆਖ ਕੇ ਸੰਬੋਧਨ ਕਰਦੇ ਹਨ।  

ਇਨ੍ਹਾਂ ਧਰਨਿਆਂ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਪਰਮਿੰਦਰ ਸਿੰਘ ਪਾਲ ਮਾਜਰਾ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਇਕਜੁੱਟਤਾ ਤੇ ਭਰੋਸੇਯੋਗਤਾ ਨਾਲ ਕਿਸਾਨਾਂ ਦਾ ਪੱਖ ਦ੍ਰਿੜਤਾ ਨਾਲ ਸਰਕਾਰ ਅੱਗੇ ਰੱਖ ਰਹੀਆਂ ਹਨ ਅਤੇ ਬਿਨਾ ਬਿੱਲ ਵਾਪਸ ਕਰਵਾਇਆਂ ਇਹ ਧਰਨੇ ਚੁੱਕਣੇ ਅਸੰਭਵ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਸਾਡੇ ਧਰਨਿਆਂ 'ਚ ਖਾਲਸਤਾਨੀ ਪੱਖੀ ਨਾਅਰਾ ਲਗਾਉਂਦਾ ਹੈ ਤਾਂ ਉਹ ਬਿਲਕੁਲ ਗਲਤ ਹੈ। ਸਾਡੇ ਵੱਲੋਂ ਇਕ ਕਮੇਟੀ ਤਿਆਰ ਕਰਕੇ ਪੂਰੇ ਧਰਨੇ ਦੀ ਨਿਗ੍ਹਾਸਾਨੀ ਕਰਵਾਈ ਜਾ ਰਹੀ ਹੈ ਤਾਂ ਜੋ ਕਿਸੇ ਵੱਲੋਂ ਵੀ ਇਸ ਧਰਨੇ ਦੇ ਮੰਤਵ ਨੂੰ ਵਿਗਾੜਨ ਦੀ ਮਨਸ਼ਾ ਨੂੰ ਕਾਮਯਾਬ ਨਾ ਹੋਣ ਦਿੱਤਾ ਜਾ ਸਕੇ।


 


author

Babita

Content Editor

Related News