ਕਿਸਾਨ ਅੰਦੋਲਨ ਅੱਗੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਰੰਗ ਪਏ ਫਿੱਕੇ

Wednesday, Jan 13, 2021 - 09:52 PM (IST)

ਕਿਸਾਨ ਅੰਦੋਲਨ ਅੱਗੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਰੰਗ ਪਏ ਫਿੱਕੇ

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ) : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦੇ ਅੰਨਦਾਤਾ ਕਿਸਾਨਾਂ ਵੱਲੋਂ ਕਰੀਬ ਪੋਣੇ ਦੋ ਮਹੀਨਿਆਂ ਤੋਂ ਦਿੱਲੀ ਦੀ ਦਹਿਲੀਜ਼ ’ਤੇ ਹਿੱਕ ਡਾਹ ਕੇ ਕੀਤੇ ਜਾ ਰਹੇ ਅੰਦੋਲਨ ਦੀਆਂ ਜਿਥੇ ਭਾਰਤ ਦੇਸ਼ ਭਰ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਪੂਰੀਆਂ ਧੂੰਮਾਂ ਪਈਆਂ ਹੋਈਆਂ ਹਨ ਅਤੇ ਵਿਦੇਸ਼ਾਂ ਦੀ ਧਰਤੀ ’ਤੇ ਬੈਠੇ ਪੰਜਾਬੀਆਂ ਵੱਲੋਂ ਉਥੇ ਬੈਠੇ ਹੋਏ ਹੀ ਅੰਦੋਲਨ ’ਚ ਆਪਣਾ ਬਣਦਾ ਯੋਗਦਾਨ ਪਾਏ ਜਾਣ ਦੇ ਨਾਲ-ਨਾਲ ਪਲ-ਪਲ ਦੀਆਂ ਖਬਰਾਂ ’ਤੇ ਵੀ ਬਾਜ਼ ਅੱਖ ਰੱਖੀ ਹੋਈ ਹੈ, ਉਥੇ ਕਿਸਾਨਾਂ ਦੀ ਇਸ ਲੜਾਈ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਕਿਸੇ ਸਿਆਸੀ ਪਾਰਟੀ ਦੇ ਸਹਾਰੇ ਤੋਂ ਬਿਨਾਂ ਆਪਣੇ ਪੈਰਾਂ ਸਿਰ ਹੀ ਵੱਡੀਆਂ ਲੜਾਈਆਂ ਲੜਨ ਦੇ ਸਮਰੱਥ ਹਨ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਫਰੀਦਕੋਟ ਦੌਰੇ ਤੋਂ ਪਹਿਲਾਂ ਭਾਜਪਾ ਦੀ ਵੱਡੀ ਕਾਰਵਾਈ, ਜ਼ਿਲ੍ਹਾ ਇਕਾਈ ਕੀਤੀ ਭੰਗ

ਕਿਸਾਨਾਂ ਨੇ ਰਾਜਸੀ ਪਾਰਟੀਆਂ ਨੂੰ ਇਹ ਵੀ ਅਹਿਸਾਸ ਕਰਵਾ ਦਿੱਤਾ ਹੈ ਕਿ ਸਿਆਸੀ ਪਾਰਟੀਆਂ ਨੂੰ ਕਿਸਾਨੀ ਵੋਟ ਬੈਂਕ ਦੀ ਲੋੜ ਹੈ ਨਾ ਕਿ ਕਿਸਾਨ ਕਿਸੇ ਸਿਆਸੀ ਜਮਾਤ ’ਤੇ ਨਿਰਭਰ ਹਨ। ਮੌਜੂਦਾ ਸਮੇਂ ਦੇਸ਼ ਦੀ ਹੰਕਾਰੀ ਹੋਈ ਮੋਦੀ ਹਕੂਮਤ ਨਾਲ ਦਿੱਲੀ ਦੇ ਬਾਰਡਰਾਂ ’ਤੇ ਦੋ ਹੱਥ ਕਰ ਰਹੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੀ ਇਸ ਵੇਲੇ ਵੱਡੀ ਜਿੱਤ ਤਾਂ ਇਹ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਆਪਣੇ ਅੰਦੋਲਨ ’ਚ ਘੁਸਪੈਠ ਨਾ ਕਰਨ ਦਿੰਦੇ ਹੋਏ ਇਨ੍ਹੇ ਦਿਨਾਂ ਤੋਂ ਇਹ ਵੱਡਾ ਅੰਦੋਲਨ ਜਾਰੀ ਰੱਖਿਆ ਹੋਇਆ ਹੈ, ਜਦਕਿ ਦੇਸ਼ ਦੀਆਂ ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਮੁੱਢ ਤੋਂ ਹੀ ਕਿਸਾਨਾਂ ਦੇ ਅੰਦੋਲਨ ’ਚ ਸ਼ਮੂਲੀਅਤ ਕਰ ਕੇ ਸਿਆਸੀ ਲਾਹਾ ਲੈਣ ਲਈ ਰਸਤਾ ਲੱਭਦੀਆਂ ਆ ਰਹੀਆਂ ਹਨ ਕਿਉਂਕਿ ਮੌਜੂਦਾ ਸਮੇਂ ਪੰਜਾਬ ਦੀ ਤਾਂ ਸਮੁੱਚੀ ਸਿਆਸਤ ਹੀ ਕਿਸਾਨੀ ਅੰਦੋਲਨ ਦੇ ਦੁਆਲੇ ਘੁੰਮ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਰਮਿਆਨ ਪਿੰਡ ਝਨੇੜੀ ਦੇ ਲੋਕਾਂ ਵਲੋਂ ਅਨੋਖਾ ਮਤਾ ਪਾਸ

ਪੰਜਾਬ ਤੇ ਹਰਿਆਣਾ ’ਚ ਕਿਸਾਨਾਂ ਨੇ ਭਾਜਪਾਈ ਲੀਡਰਸ਼ਿੱਪ ਦੇ ਨੱਕ ’ਚ ਦਮ ਕੀਤਾ
ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਮੇਤ ਸਮੁੱਚੀ ਭਾਜਪਾ ਲੀਡਰਸ਼ਿੱਪ ਜਿਥੇ ਇਸ ਸਮੇਂ ਕਿਸਾਨੀ ਅੰਦੋਲਨ ਦੇ ਮੁੱਖ ਨਿਸ਼ਾਨੇ ’ਤੇ ਚੱਲਦੀਆਂ ਹੋਣ ਕਾਰਣ ਭਾਜਪਾ ਦੀ ਦੇਸ਼ ’ਚ ਥਾਂ-ਥਾਂ ਕਿਰਕਰੀ ਹੋ ਰਹੀ ਹੈ, ਉਥੇ ਹੀ ਪੰਜਾਬ ਅਤੇ ਹਰਿਆਣਾ ’ਚ ਤਾਂ ਕਿਸਾਨਾਂ ਨੇ ਭਾਜਪਾਈ ਲੀਡਰਸ਼ਿੱਪ ਦੇ ਨੱਕ ’ਚ ਹੀ ਦਮ ਕਰਕੇ ਰੱਖਿਆ ਹੋਇਆ ਹੈ। ਲੰਘੇ ਕੱਲ ਹਰਿਆਣਾ ਸੂਬੇ ਦੇ ਕਰਨਾਲ ਨੇੜੇ ਕੈਮਲਾ ਪਿੰਡ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮਹਾਪੰਚਾਇਤ ਪ੍ਰੋਗਰਾਮ ਵਾਲੀ ਥਾਂ ’ਤੇ ਪੁੱਜੇ ਕਿਸਾਨਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣ ਕਾਰਣ ਪੈਦਾ ਹੋਏ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਜਿਥੇ ਮੁੱਖ ਮੰਤਰੀ ਖੱਟੜ ਦੇ ਹੈਲੀਕਾਪਟਰ ਨੂੰ ਅਸਮਾਨ ’ਚ ਹੀ ਇਕ ਚੱਕਰ ਲਾ ਕੇ ਵਾਪਸ ਜਾਣਾ ਪਿਆ ਉਥੇ ਹੀ ਪਿਛਲੇ ਦਿਨਾਂ ਦੌਰਾਨ ਪੰਜਾਬ ’ਚ ਵੀ ਭਾਜਪਾ ਦੇ ਇਕ ਸਾਬਕਾ ਮੰਤਰੀ ਸਮੇਤ ਇਕ ਭਾਜਪਾ ਨੇਤਾ ਨੂੰ ਕਿਸਾਨਾਂ ਖ਼ਿਲਾਫ਼ ਮੀਡੀਆ ’ਚ ਕੀਤੀ ਗਈ ਬਿਆਨਬਾਜ਼ੀ ਕਾਰਣ ਕਿਸਾਨਾਂ ਦੇ ਜ਼ਬਰਦਸ਼ਤ ਰੋਹ ਦਾ ਸਾਹਮਣਾ ਕਰਨਾ ਪਿਆ ਸੀ ਇਥੋਂ ਤੱਕ ਕਿ ਉਕਤ ਸਾਬਕਾ ਮੰਤਰੀ ਦੀ ਤਾਂ ਕੋਠੀ ਦੇ ਗੇਟ ’ਚ ਕਿਸਾਨਾਂ ਨੇ ਗੋਭਰ ਦੀ ਭਰੀ ਟਰਾਲੀ ਤੱਕ ਵੀ ਲਿਆ ਕੇ ਸੁੱਟ ਦਿੱਤੀ ਸੀ।

ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਕਾਰਣ 4 ਭੈਣਾਂ ਦੇ ਇਕਲੌਤੇ ਭਰਾ ਦੀ ਚੜ੍ਹਦੀ ਜਵਾਨੀ ’ਚ ਮੌਤ

ਕਿਸਾਨਾਂ ਨੇ ਪੰਜਾਬ ਤੇ ਹਰਿਆਣਾ ’ਚ ਤਾਂ ਭਾਜਪਾ ਵਾਲਿਆਂ ਦੀ ਹਾਲਤ ਜਿਥੇ ਬਹੁਤ ਪਤਲੀ ਕਰ ਰੱਖੀ ਹੈ ਉਥੇ ਪੰਜਾਬ ’ਚ ਸੱਤਾਧਾਰੀ ਪਾਰਟੀ ਕਾਂਗਰਸ ਸਮੇਤ ਅਕਾਲੀ ਦਲ ਦੀ ਹਾਲਤ ਵੀ ਬੁਰੀ ਬਣੀ ਹੋਈ ਹੈ। 10 ਸਾਲ ਤੋਂ ਸੱਤਾ ਦਾ ਸੁੱਖ ਭੋਗ ਕੇ ਸ਼੍ਰੋਮਣੀ ਅਕਾਲੀ ਦਲ ਨੇ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਇਸੇ ਗੱਲ ’ਚ ਹੀ ਗੁੰਮਰਾਹ ਕਰ ਕੇ ਰੱਖਿਆ ਕਿ ਉਹੀ ਇਕੋ-ਇਕ ਅਜਿਹੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਹਿੱਤਾਂ ਲਈ ਲੜਾਈ ਲੜੀ ਹੈ, ਜਦਕਿ ਸੂਬੇ ’ਚ ਬਹੁ-ਗਿਣਤੀ ਸਾਧਾਰਨ ਕਿਸਾਨਾਂ ਦੇ ਅੰਦਰੋਂ ਇਸ ਸਮੇਂ ਇਕ ਹੀ ਆਵਾਜ਼ ਨਿਕਲ ਰਹੀ ਹੈ ਕਿ ਕੇਂਦਰ ’ਚ ਬੈਠੀ ਭਾਜਪਾ ਸਰਕਾਰ ਨਾਲ ਅਕਾਲੀ ਦਲ ਦੇ ਗਠਜੋੜ ਰਿਸ਼ਤਿਆਂ ਮੌਕੇ ਕਿਸਾਨਾਂ ਦੇ ਭਲੇ ਲਈ ਕੁਝ ਵੀ ਨਹੀਂ ਹੋਇਆ ਅਤੇ ਜੇਕਰ ਹੋਇਆ ਹੈ ਤਾਂ ਇਹ ਸਿਰਫ ਉਸ ਪਰਿਵਾਰ ਲਈ ਹੀ ਵਰਦਾਨ ਸਾਬਿਤ ਹੋਇਆ ਹੈ, ਜਿਸ ਦਾ ਅਕਾਲੀ ਦਲ ਉਪਰ ਕਈ ਦਹਾਕਿਆਂ ਤੋਂ ਕਬਜ਼ਾ ਜੰਮਿਆ ਆ ਰਿਹਾ ਹੈ।

ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਇਆ ਵਿਆਹ, ਜਨਮ ਦਿਨ ਮਨਾਉਣ ਗਏ ਮੁੰਡੇ ਨੇ ਹੋਟਲ ’ਚ ਲਿਆ ਫਾਹਾ

ਸਿਆਸੀ ਲੋਕਾਂ ਦੀਆਂ ਸ਼ੈਤਾਨੀਆਂ ਨੂੰ ਪਾ ਗਈ ਹੈ ਮਾਤ
ਕਿਸਾਨਾਂ ਦੇ ਅੰਦੋਲਨ ਨੂੰ ਜਿੱਤ ਦੇ ਮੁਕਾਮ ਵੱਲ ਵੱਧਦਾ ਦੇਖ ਹੁਣ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਸ ਦਾ ਸਿਹਰਾ ਆਪਣੇ ਸਿਰ ਬੰਨਣ ਲਈ ਗੋਂਦਾ-ਗੁੰਦ ਰਹੀਆਂ ਹਨ। ਸੱਤਾਧਾਰੀ ਕਾਂਗਰਸ ਪਾਰਟੀ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਪਿਛਲੇ ਦਿਨਾਂ ਦੌਰਾਨ ਸਤਰੰਜ਼ ਦੀ ਵੱਡੀ ਚਾਲ ਵੀ ਚੱਲੀ ਸੀ ਪਰ ਕਾਮਯਾਬ ਨਹੀਂ ਸੀ ਹੋਈ। ਦੂਜੇ ਪਾਸੇ ਅਕਾਲੀ ਦਲ ਵੀ ਭਾਵੇਂ ਆਪਣੀ ਗੇਮ ਖੇਡਣ ’ਚ ਮਸ਼ਰੂਫ ਹੈ ਪਰ ਅਕਾਲੀ ਦਲ ਦੀ ਕਿਸਾਨਾਂ ਵੱਲੋਂ ਕੋਈ ਪੇਸ਼ ਨਹੀਂ ਚੱਲਣ ਦਿੱਤੀ ਜਾ ਰਹੀ। ਸ਼੍ਰੋਮਣੀ ਅਕਾਲੀ ਦਲ ’ਤੇ ਦੋਸ਼ ਮੜੇ ਜਾ ਰਹੇ ਹਨ ਕਿ ਸਾਰੇ ਕਾਲੇ ਕਾਨੂੰਨ ਜਿਥੇ ਅਕਾਲੀ ਦਲ ਦੀ ਲੋਕ ਸਭਾ ਅੰਦਰਲੀ ਚੁੱਪ ਦੀ ਹੀ ਦੇਣ ਹਨ, ਉਥੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਇਹ ਦੋਸ਼ ਲੱਗਦੇ ਆ ਰਹੇ ਹਨ ਕਿ ਮੋਦੀ ਹਕੂਮਤ ਵੱਲੋਂ ਇਹ ਕਾਨੂੰਨ ਬਣਾਉਣ ਵੇਲੇ ਕੈਪਟਨ ਵੱਲੋਂ ਵੀ ਇਨ੍ਹਾਂ ਕਾਲੇ ਕਾਨੂੰਨਾਂ ’ਤੇ ਆਪਣੀ ਸਹਿਮਤੀ ਦੀ ਮੋਹਰ ਲਾਈ ਗਈ ਸੀ। ਕਿਸਾਨ ਜਥੇਬੰਦੀਆਂ ਦੇ ਅੰਦੌਲਨ ਨੂੰ ਤਪਦਾ ਰੱਖਣ ’ਚ ਭਰਾਤਰੀ ਜਥੇਬੰਦੀਆਂ ਦਾ ਵੀ ਪੂਰਨ ਸਹਿਯੋਗ ਹੈ ਅਤੇ ਇਹ ਸਭ ਰਲ ਕੇ ਸਿਆਸੀ ਪਾਰਟੀਆਂ ਨੂੰ ਆਪਣੇ ਸੰਘਰਸ਼ ਦੇ ਨੇੜੇ ਵੀ ਨਹੀਂ ਫਟਕਣ ਦੇ ਰਹੀਆਂ, ਜੋ ਇਨ੍ਹਾਂ ਜਥੇਬੰਦੀਆਂ ਦੀ ਏਕਤਾ ਅਤੇ ਸਿਰੜ ਦਾ ਵੱਡਾ ਸਬੂਤ ਮੰਨਿਆਂ ਜਾ ਰਿਹਾ ਹੈ ਅਤੇ ਇਹੀ ਏਕਤਾ ਇਸ ਵਾਰ ਸਿਆਸੀ ਲੋਕਾਂ ਦੀਆਂ ਸ਼ੈਤਾਨੀਆਂ ਨੂੰ ਮਾਤ ਪਾ ਗਈ ਹੈ।

ਇਹ ਵੀ ਪੜ੍ਹੋ : ਕਬੱਡੀ ਦੇ ਉੱਘੇ ਖਿਡਾਰੀ ਅਤੇ ਪ੍ਰਸਿੱਧ ਰੇਡਰ ਮਹਾਬੀਰ ਸਿੰਘ ਦੀ ਮੌਤ

ਨੋਟ - ਸੁਪਰੀਮ ਕੋਰਟ ਦੀ ਕਮੇਟੀ ਨਾਲ ਗੱਲਬਾਤ ਨਾ ਕਰਨ ਦਾ ਕਿਸਾਨਾਂ ਦਾ ਫ਼ੈਸਲਾ ਸਹੀ ਹੈ?


author

Gurminder Singh

Content Editor

Related News