ਪੰਚਾਇਤੀ ਛੱਪੜ ਤੇ ਬਿਜਲੀ ਗਰਿੱਡ ਤੋਂ ਕਿਸਾਨ ਪ੍ਰੇਸ਼ਾਨ
Friday, Aug 11, 2017 - 12:58 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਪਿੰਡ ਭਲਵਾਨ ਦੇ ਕੁਝ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਨਾਲ ਬਣੇ ਹੋਏ ਪੰਚਾਇਤੀ ਛੱਪੜ ਅਤੇ ਬਿਜਲੀ ਗਰਿੱਡ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ। ਜਿਸ 'ਤੇ ਵੀਰਵਾਰ ਨੂੰ ਜ਼ਿਲਾ ਸਹਾਇਕ ਕਮਿਸ਼ਨਰ ਸੰਗਰੂਰ ਮੈਡਮ ਮਨਜੀਤ ਕੌਰ ਨੇ ਉਕਤ ਛੱਪੜ ਵਾਲੀ ਥਾਂ ਦਾ ਨਿਰੀਖਣ ਕੀਤਾ। ਉਕਤ ਛੱਪੜ ਵਿਚ ਪਿੰਡ ਭਲਵਾਨ ਦੇ ਸੀਵਰੇਜ ਦਾ ਪਾਣੀ ਇਕੱਠਾ ਹੁੰਦਾ ਹੈ, ਜਿਸ ਕਾਰਨ ਛੱਪੜ ਦੇ ਨਾਲ ਲੱਗਦੇ ਜ਼ਮੀਨਾਂ ਦੇ ਕਿਸਾਨ ਦੁਖੀ ਹਨ ਅਤੇ ਛੱਪੜ ਦੀ ਹੱਦ ਦੇ ਬਿਲਕੁਲ ਨਾਲ ਲੱਗਦੇ ਇਕ ਪ੍ਰਾਈਵੇਟ ਸਕੂਲ ਦੇ ਵਿਅਕਤੀ ਤੇ ਅਧਿਆਪਕ ਵੀ ਬਹੁਤ ਪ੍ਰੇਸ਼ਾਨ ਹਨ। ਮੌਕੇ 'ਤੇ ਪੁੱਜੇ ਸਹਾਇਕ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਦੇ ਪੱਖ ਨੂੰ ਧਿਆਨ ਨਾਲ ਸੁਣ ਕੇ ਜਲਦ ਹੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਖੇਤਾਂ 'ਚ ਬਿਜਲੀ ਗਰਿੱਡ ਦੇ ਵੱਡੇ-ਵੱਡੇ ਟਾਵਰ ਲੱਗੇ ਹੋਏ ਹਨ ਪਰ ਬਿਜਲੀ ਬੋਰਡ ਨੇ ਉਨ੍ਹਾਂ ਨੂੰ ਕਦੇ ਇਸ ਦਾ ਮੁਆਵਜ਼ਾ ਨਹੀਂ ਦਿੱਤਾ ਤੇ ਗਰਿੱਡ ਵਾਲਿਆਂ ਨੇ ਗਰਿੱਡ ਦੀ ਕੰਧ ਦੇ ਨਾਲ ਲੱਗਦੇ ਉਨ੍ਹਾਂ ਦੇ ਖੇਤਾਂ ਦੀ ਵੱਟ ਨੂੰ ਹੋਰ ਦੂਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਜ਼ਮੀਨ ਘਟਦੀ ਜਾ ਰਹੀ ਹੈ। ਇਸ ਮੌਕੇ ਅੰਡਰ ਟ੍ਰੇਨਿੰਗ ਨਾਇਬ ਤਹਿਸੀਲਦਾਰ ਸੰਦੀਪ ਸਿੰਘ, ਕਿਸਾਨ ਭਿੰਦਰ ਸਿੰਘ, ਜੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਤੇ ਜੀਤਾ ਸਿੰਘ ਮੌਜੂਦ ਸਨ।
ਕੀ ਕਹਿਣਾ ਹੈ ਸਹਾਇਕ ਕਮਿਸ਼ਨਰ ਮਨਜੀਤ ਕੌਰ ਦਾ : ਜਦੋਂ ਇਸ ਸਬੰਧੀ ਸਹਾਇਕ ਕਮਿਸ਼ਨਰ ਮੈਡਮ ਮਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਛੱਪੜ ਦੇ ਮਾਮਲੇ ਸਬੰਧੀ ਡੀ.ਡੀ.ਪੀ.ਓ. ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਨੂੰ ਚਿੱਠੀ ਕੱਢੀ ਜਾਵੇਗੀ ਤੇ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਕੱÎਢਿਆ ਜਾਵੇਗਾ।
