ਕਰਜ਼ੇ ਤੋਂ ਦੁਖੀ ਕਿਸਾਨ ਨੇ ਕੀਟਨਾਸ਼ਕ ਸਪਰੇਅ ਪੀ ਕੇ ਕੀਤੀ ਖੁਦਕੁਸ਼ੀ
Thursday, Sep 21, 2017 - 12:16 PM (IST)
ਬਠਿੰਡਾ (ਮਨੀਸ਼) — ਪੰਜਾਬ 'ਚ ਆਏ ਦਿਨ ਕਰਜ਼ ਰੂਪੀ ਦੈਂਤ ਕਿਸੇ ਨਾ ਕਿਸੇ ਕਿਸਾਨ ਪਰਿਵਾਰ ਦੇ ਘਰ ਮਾਤਮ ਦਾ ਸੱਥਰ ਵਿਸ਼ਾ ਦਿੰਦਾ ਹੈ। ਪਤਾ ਨਹੀਂ ਕਿੰਨੇ ਕੁ ਕਿਸਾਨ ਸਿਰ ਚੜ੍ਹੇ ਕਰਜ਼ ਦੇ ਬੋਝ ਨੂੰ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਗਏ ਤੇ ਆਪਣੇ ਪਰਿਵਾਰ ਤੇ ਮਾਸੂਮ ਬੱਚਿਆਂ ਨੂੰ ਰੋਂਦਾ ਵਿਲਕਦਾ ਛੱਡ ਕੇ ਤੁਰ ਗਏ ਤੇ ਸਾਡੀ ਸੱਤਾਧਾਰੀ ਸਰਕਾਰ ਕਿਸਾਨਾਂ ਨੂੰ ਅਜੇ ਤਕ ਇਸ ਮੁਸ਼ਕਲ 'ਚੋਂ ਕੱਢਣ ਲਈ ਕੋਈ ਪੁਖਤਾ ਕਦਮ ਨਹੀਂ ਚੁੱਕ ਸਕੀ, ਜਿਸ ਦੇ ਸਦਕਾ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਬਠਿੰਡਾ 'ਚ ਸਾਹਮਣੇ ਆਇਆ ਹੈ ਜਿਥੇ ਇਕ ਕਿਸਾਨ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਿਰਮਲ ਸਿੰਘ ਪੁੱਤਰ ਨਾਜ਼ਮ ਸਿੰਘ ਪਿੰਡ ਨੰਗਲਾ ਕੋਲ 5 ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ਕਰੀਬ 4 ਲੱਖ ਦਾ ਕਰਜ਼ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਲਈ ਇਕ ਏਕੜ ਜ਼ਮੀਨ ਵੇਚ ਦਿੱਤੀ ਸੀ ਤੇ ਉਸ ਕੋਲ ਸਿਰਫ 4 ਏਕੜ ਜ਼ਮੀਨ ਹੀ ਬਾਕੀ ਬੱਚੀ ਸੀ। ਉਸ ਤੋਂ ਬਾਅਦ ਨਰਮੇ ਦੀ ਫਸਲ ਸਪਰੇਅ ਕਾਰਨ ਖਰਾਬ ਹੋ ਜਾਣ ਕਾਰਨ ਉਹ ਦੁਖੀ ਰਹਿੰਦਾ ਸੀ ਤੇ ਬੀਤੀ ਰਾਤ ਖੇਤ 'ਚ ਸਪਰੇਅ ਪੀ ਕੇ ਉਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਤਿੰਨ ਧੀਆਂ ਤੇ ਇਕ ਪੁੱਤਰ ਨੂੰ ਛੱਡ ਗਿਆ ਹੈ।
