ਬਿਜਲੀ ਚੋਰੀ ਕਰਨ ਦੇ ਮਾਮਲੇ ''ਚ ਕਿਸਾਨ ਗ੍ਰਿਫਤਾਰ

Tuesday, Oct 24, 2017 - 05:52 PM (IST)

ਸ੍ਰੀ ਮੁਕਤਸਰ ਸਾਹਿਬ (ਕੇ.ਐਲ.ਮੁਕਸਰੀ)— ਬਿਜਲੀ ਚੋਰੀ ਦਾ ਜ਼ੁਰਮਾਨਾ ਅਦਾ ਨਾ ਕਰਨ 'ਤੇ ਬਠਿੰਡਾ ਦੀ ਪਾਵਰਕਾਮ ਐਂਟੀਥੈਟ ਟੀਮ ਵੱਲੋਂ ਨੇੜਲੇ ਪਿੰਡ ਦੋਦਾ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਬਠਿੰਡਾ ਪਾਵਰਕਾਮ ਦੀ ਐਂਟੀਥੈਟ ਟੀਮ ਦੇ ਇੰਚਾਰਜ ਏ. ਐੱਸ. ਆਈ. ਜੰਗੀਰ ਸਿੰਘ ਨੇ ਦੱਸਿਆ ਕਿ ਏ. ਡੀ. ਜੀ. ਪੀ. ਆਰ. ਪੀ. ਐੱਸ. ਬਰਾੜ ਵੱਲੋਂ ਕਰੀਬ 2 ਸਾਲ ਪਹਿਲਾਂ 2015 'ਚ ਦੋਦਾ ਨਿਵਾਸੀ ਸੁਲੱਖਣ ਸਿੰਘ ਨੂੰ ਬਿਜਲੀ ਚੋਰੀ ਦੇ ਮਾਮਲੇ 'ਚ ਜ਼ੁਰਮਾਨਾ ਕੀਤਾ ਸੀ। ਕਿਉਂਕਿ ਉਸ ਦੇ ਵੱਲੋਂ ਆਪਣੇ ਘਰ ਦੀ ਬਿਜਲੀ ਸਪਲਾਈ ਸਿੱਧੀ ਕੁੰਡੀ ਲਗਾ ਕੇ ਚਲਾਈ ਜਾ ਰਹੀ ਸੀ। 
ਵਿਭਾਗ ਵੱਲੋਂ ਛਾਪਾਮਾਰੀ ਕਰਦੇ ਹੋਏ ਉਸ ਨੂੰ ਉਸ ਸਮੇਂ ਦੌਰਾਨ 80 ਹਜ਼ਾਰ 691 ਰੁਪਏ ਜ਼ੁਰਮਾਨਾ ਕੀਤਾ ਗਿਆ ਸੀ ਪਰ ਉਸ ਨੇ ਜ਼ੁਰਮਾਨਾ ਭਰਨ ਦੀ ਬਜਾਏ ਫਿਰ ਤੋਂ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨੀ ਜਾਰੀ ਰੱਖੀ। ਵਾਰ-ਵਾਰ ਛਾਪੇਮਾਰੀ ਕਰਨ 'ਤੇ ਵੀ ਉਹ ਹੱਥ ਨਹੀਂ ਆ ਰਿਹਾ ਸੀ। ਮੰਗਲਵਾਰ ਨੂੰ ਥਾਣਾ ਮੁਖੀ ਜਸਵੀਰ ਸਿੰਘ ਦੀ ਅਗਵਾਈ 'ਚ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ 'ਤੇ ਆਧਾਰਿਤ ਪੁਲਸ ਪਾਰਟੀ ਨੇ ਉਸ ਦੇ ਘਰ ਛਾਪੇਮਾਰੀ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਸਿਵਲ ਹਸਪਤਾਲ 'ਚ ਕਿਸਾਨ ਦਾ ਮੈਡੀਕਲ ਕਰਵਾਉਣ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਉਸ ਦੇ ਖਿਲਾਫ ਬਿਜਲੀ ਚੋਰੀ ਦੇ ਨਾਲ ਹੀ ਜ਼ੁਰਮਾਨਾ ਨਾ ਭਰਨ ਦਾ ਮਾਮਲਾ ਵੀ ਬਠਿੰਡਾ ਥਾਣੇ 'ਚ ਦਰਜ਼ ਕੀਤਾ ਗਿਆ ਹੈ।


Related News