ਸ਼ਾਰਟ ਸਰਕਟ ਨਾਲ 57 ਏਕੜ ਨਾੜ ਨੂੰ ਲੱਗੀ ਅੱਗ ਦਰਜਨਾਂ ਦਰੱਖਤ ਵੀ ਸੜੇ

Saturday, Apr 28, 2018 - 01:43 AM (IST)

ਸ਼ਾਰਟ ਸਰਕਟ ਨਾਲ 57 ਏਕੜ ਨਾੜ ਨੂੰ ਲੱਗੀ ਅੱਗ ਦਰਜਨਾਂ ਦਰੱਖਤ ਵੀ ਸੜੇ

ਸੰਗਤ ਮੰਡੀ(ਮਨਜੀਤ)-ਪਿੰਡ ਤਿਉਣਾ ਅਤੇ ਕੋਟਗੁਰੂ 'ਚ ਦੁਪਹਿਰ ਸਮੇਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਤੂੜੀ ਬਣਾਉਣ ਲਈ ਰੱਖੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜਿਸ 'ਚ ਦੋਵੇਂ ਪਿੰਡਾਂ ਦਾ ਲਗਭਗ 57 ਏਕੜ ਨਾੜ ਅੱਗ ਦੀ ਭੇਟ ਚੜ੍ਹ ਗਿਆ। ਹਵਾ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ 'ਚ ਦਰਜਨਾਂ ਦਰੱਖਤ ਵੀ ਸੜ ਗਏ। ਜਾਣਕਾਰੀ ਅਨੁਸਾਰ ਪਿੰਡ ਤਿਉਣਾ ਦੇ ਕਿਸਾਨ ਜਗਸੀਰ ਸਿੰਘ ਦਾ 18 ਏਕੜ, ਹਰਸੇਵਕ ਸਿੰਘ ਦਾ 8 ਏਕੜ, ਕਾਕੂ ਸਿੰਘ ਦਾ 6 ਏਕੜ, ਸ਼ੇਰ ਸਿੰਘ ਦਾ 4 ਏਕੜ, ਗੁਰਤੇਜ ਸਿੰਘ ਦਾ 8 ਏਕੜ, ਹਰਬੰਸ ਸਿੰਘ ਦਾ 8 ਏਕੜ ਤੋਂ ਇਲਾਵਾ ਪਿੰਡ ਕੋਟਗੁਰੂ ਦੇ ਕਿਸਾਨ ਜਗਸੀਰ ਸਿੰਘ ਪੁੱਤਰ ਮੁਕੰਦ ਸਿੰਘ ਦਾ ਵੀ 5 ਏਕੜ ਨਾੜ ਅੱਗ ਦੀ ਭੇਟ ਚੜ੍ਹ ਗਿਆ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਨੇੜਲੇ ਪਿੰਡਾਂ ਦੇ ਕਿਸਾਨ ਅੱਗ ਬੁਝਾਉਣ ਲਈ ਵੱਡੀ ਗਿਣਤੀ 'ਚ ਪਹੁੰਚੇ। ਅੱਗ 'ਤੇ ਕਾਬੂ ਪਾਉਣ ਲਈ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਕਾਰਨ ਖ਼ੇਤ 'ਚ ਲੱਗੇ ਦਰਜਨਾਂ ਦਰੱਖਤ ਵੀ ਅੱਗ ਦੀ ਭੇਟ ਚੜ੍ਹ ਗਏ। ਕਿਸਾਨਾਂ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਦੁਪਹਿਰ ਸਮੇਂ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਖੇਤੀ ਮੋਟਰਾਂ ਲਈ ਬਿਜਲੀ ਦੀ ਸਪਲਾਈ ਦਿੱਤੀ ਗਈ ਸੀ, ਜਿਸ 'ਚੋਂ ਹੋਈ ਸਪਾਰਕਿੰਗ ਨਾਲ ਹੇਠਾਂ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਪੈ ਗਈ। ਅੱਗ ਥੋੜ੍ਹੇ ਸਮੇਂ 'ਚ ਹੀ ਨਾਲ ਦੇ ਖ਼ੇਤਾਂ ਨੂੰ ਵੀ ਪੈ ਗਈ, ਜਿਸ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ।  


Related News