ਕਿਸਾਨਾਂ ਦੇ ''ਸੋਨੇ'' ''ਤੇ ਅੱਗ ਦਾ ਕਹਿਰ
Sunday, Apr 22, 2018 - 04:41 AM (IST)
ਪਾਇਲ(ਬਰਮਾਲੀਪੁਰ)-ਇਲਾਕੇ 'ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਸਬ ਡਵੀਜ਼ਨ ਪਾਇਲ ਦੇ ਆਸ-ਪਾਸ ਅੱਗ ਦਾ ਕਹਿਰ ਕਿਸਾਨਾਂ ਦੇ ਸੁਪਨਿਆਂ ਨੂੰ ਰਾਖ ਕਰ ਰਿਹਾ ਹੈ। ਮੰਦਭਾਗੀ ਘਟਨਾ ਦੇ ਚਲਦਿਆਂ ਪਿੰਡ ਘਲੋਟੀ ਅਤੇ ਭੀਖੀ ਖੱਟੜਾ ਦੇ ਆਸ-ਪਾਸ ਕਿਸਾਨਾਂ ਦੀ 23 ਏਕੜ ਖੜ੍ਹੀ ਫ਼ਸਲ ਤੇ 85 ਏਕੜ ਨਾੜ ਸੜ ਜਾਣ ਦਾ ਸਮਾਚਾਰ ਹੈ। ਇਸ ਸਮੇਂ ਅੱਗ ਬੁਝਾਊ ਗੱਡੀਆਂ ਦੇ ਆਉਣ ਤੋਂ ਪਹਿਲਾਂ ਇਕੱਠੇ ਹੋਏ ਪਿੰਡ ਵਾਸੀਆਂ ਵਲੋਂ ਆਪੋ-ਆਪਣੇ ਸਾਧਨਾਂ ਰਾਹੀਂ ਬੜੀ ਜੱਦੋ-ਜਹਿਦ ਨਾਲ ਭਿਆਨਕ ਅੱਗ 'ਤੇ ਕਾਬੂ ਪਾ ਲਿਆ ਸੀ ਅਤੇ ਅੱਗ ਬੁਝਾਊ ਗੱਡੀਆਂ ਨੇ ਰਹਿੰਦੀ ਅੱਗ 'ਤੇ ਹੀ ਛਿੜਕਾਅ ਕੀਤਾ।
ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਅਤੇ ਪੀੜਤ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ। ਕਿਸਾਨ ਆਗੂ ਨੇ ਕਿਹਾ ਕਿ ਹਲਕਾ ਪਾਇਲ ਵਿਚ ਫਾਇਰ ਬ੍ਰਿਗੇਡ ਲਿਆਉਣ ਲਈ ਹਲਕੇ ਦੇ ਕਿਸਾਨ 5 ਸਾਲਾਂ ਤੋਂ ਮੰਗ ਕਰ ਰਹੇ ਹਨ, ਜਿਸ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸਾਲ ਹਲਕੇ 'ਚ ਅਜਿਹੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ 30 ਕਿਲੋਮੀਟਰ ਦਾ ਪੈਂਡਾ ਤਹਿ ਕਰਦਿਆਂ ਘਟਨਾ ਸਥਾਨ 'ਤੇ ਇਕ ਘੰਟਾ ਲੇਟ ਪਹੁੰਚਦੀਆਂ ਹਨ, ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ।
