''ਸੋਨਾ'' ਮਿੱਟੀ ਹੁੰਦਾ ਦੇਖ ਰੋ ਪਿਆ ''ਅੰਨਦਾਤਾ''

04/21/2018 5:42:58 AM

ਹੰਬੜਾਂ(ਧਾਲੀਵਾਲ, ਜ.ਬ.)-ਪਿੰਡ ਚੱਕ ਕਲਾਂ 'ਚ ਅੱਗ ਲੱਗਣ ਕਾਰਨ ਕਿਸਾਨਾਂ ਦੀ ਤਕਰੀਬਨ 30 ਏਕੜ ਖੜ੍ਹੀ ਕਣਕ ਅਤੇ 50 ਏਕੜ ਨਾੜ ਸੜ ਕੇ ਸੁਆਹ ਹੋ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸ਼ਮਿੰਦਰ ਸਿੰਘ, ਪਰਮਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਦੀ 2 ਏਕੜ, ਕੁਲਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਰਾਮ ਆਸਰਾ ਸਿੰਘ (3), ਬਲੋਰ ਸਿੰਘ (3), ਦਵਿੰਦਰ ਸਿੰਘ (3) ਸਮੇਤ ਵੱਖ-ਵੱਖ ਕਿਸਾਨਾਂ ਦੀ ਕੁੱਲ 30 ਏਕੜ ਖੜ੍ਹੀ ਕਣਕ ਅਤੇ ਨਾੜ ਤਕਰੀਬਨ 50 ਏਕੜ ਸੜ ਕੇ ਸੁਆਹ ਹੋ ਗਿਆ । ਚੱਕ ਕਲਾਂ, ਪੁੜੈਣ, ਬਾਸੀਆਂ ਬੇਟ ਦੇ ਕਿਸਾਨਾਂ ਨੇ ਟਰੈਕਟਰਾਂ ਨਾਲ ਜ਼ਮੀਨ ਵਾਹ ਕੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ । ਆਪਣੇ ਅੱਖੀਂ ਕਣਕ ਸੜਦੀ ਦੇਖ ਕਿਸਾਨ ਭੁੱਬਾਂ ਮਾਰ ਕੇ ਰੋ ਰਹੇ ਸਨ। ਮੌਸਮ ਦੀ ਖਰਾਬੀ ਕਾਰਨ ਹਵਾ ਏਨੀ ਤੇਜ਼ ਸੀ ਕਿ ਅੱਗ 'ਤੇ ਕਾਬੂ ਪਾਉਣਾ ਬੇਹੱਦ ਮੁਸ਼ਕਲ ਸੀ ਅਤੇ ਦੇਰੀ ਨਾਲ ਪਹੁੰਚੀ ਫਾਇਰ ਬ੍ਰਿਗੇਡ ਨੇ ਮੰਡੀ 'ਚ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਅੱਗ ਲੱਗਣ ਤੋਂ ਬਚਾਇਆ ਅਤੇ ਹੋਰ ਕਿਸਾਨਾਂ ਦੀ ਫਸਲ ਨੂੰ ਅੱਗ ਦੀ ਲਪੇਟ ਤੋਂ ਬਚਾਉਣ ਲਈ ਵੀ ਕਾਫੀ ਜੱਦੋ-ਜਹਿਦ ਕੀਤੀ । ਮੌਕਾ ਦੇਖਣ ਲਈ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ, ਕਾਨੂੰਨਗੋ ਰਣਜੀਤ ਸਿੰਘ, ਪਟਵਾਰੀ ਸਰਬਪ੍ਰੀਤ ਸਿੰਘ ਵੀ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ । ਇਸ ਮੌਕੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਪਿੰਡ ਮਨਸੂਰਾਂ ਦੇ ਕਿਸਾਨ ਬੂਟਾ ਸਿੰਘ ਸਪੁੱਤਰ ਕੇਸਰ ਸਿੰਘ ਦੀ ਠੇਕੇ 'ਤੇ ਲਈ 15 ਏਕੜ ਜ਼ਮੀਨ 'ਚ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ 1 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਬੀਤੀ ਰਾਤ ਸਾਢੇ 8 ਵਜੇ ਕਣਕ ਨੂੰ ਜਦੋਂ ਅੱਗ ਲੱਗੀ ਤਾਂ ਮਨਸੂਰਾਂ ਪਮਾਲੀ ਦੇ ਲੋਕਾਂ ਨੇ ਬੜੀ ਫੁਰਤੀ ਨਾਲ ਆਪੋ ਆਪਣੇ ਸਾਧਨਾਂ ਨਾਲ ਅੱਗ 'ਤੇ ਕਾਬੂ ਪਾ ਲਿਆ, ਜਿਸ ਦੇ ਸਿੱਟੇ ਵਜੋਂ ਇਸ ਖੇਤ ਦੇ ਨਾਲ ਲਗਦੀ ਤਕਰੀਬਨ ਸੈਂਕੜੇ ਏਕੜ ਕਣਕ ਦੀ ਫਸਲ ਸੜਨੋਂ ਬਚ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਦੂਜੇ ਪਾਸੇ ਇਹ ਵੀ ਲੱਗ ਰਿਹਾ ਹੈ ਕਿ ਕਿਤੇ ਇਹ ਕਿਸੇ ਦੀ ਸ਼ਰਾਰਤ ਨਾ ਹੋਵੇ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨ ਨੂੰ ਜਲਦ ਤੋਂ ਜਲਦ ਮੁਆਵਜ਼ਾ ਦੇਵੇ।  ਇਸੇ ਤਰ੍ਹਾਂ ਲਲਤੋਂ ਕਲਾਂ ਅਤੇ ਦੋਲੋਂ ਕਲਾਂ ਵਿਖੇ 10 ਏਕੜ ਕਣਕ ਦੀ ਖੜ੍ਹੀ ਫਸਲ ਅਤੇ 2 ਏਕੜ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ। ਕਣਕ ਦੀ ਫਸਲ ਨੂੰ ਅੱਗ ਲੱਗਣ ਦਾ ਕਾਰਨ ਕਿਸਾਨਾਂ ਦੀ ਜ਼ਮੀਨ ਦੇ ਉੱਪਰੋਂ ਲੰਘ ਰਹੀ 220 ਸਰਕਟ-3 ਲਾਈਨ 'ਚ ਹੋਈ ਸਪਾਰਕਿੰਗ ਦੱਸਿਆ ਗਿਆ। 
ਕਣਕ ਦੇ ਖੇਤਾਂ 'ਚ ਮੌਕੇ ਦਾ ਜਾਇਜ਼ਾ ਲੈਣ ਲਈ ਪਾਵਰਕਾਮ ਲਲਤੋਂ ਕਲਾਂ ਦੇ ਐੱਸ. ਡੀ. ਓ. ਜਤਿੰਦਰ ਭੰਡਾਰੀ, ਜੇ. ਈ. ਰਵਿੰਦਰ ਕਿੱਟੀ ਤੇ ਹੋਰ ਮੁਲਾਜ਼ਮ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਇੰਡੀਆ ਲਿਮ. ਦੇ ਅਧਿਕਾਰੀ ਆਨੰਦ ਕੁਮਾਰ ਪੁੱਜੇ ਤੇ ਉਨ੍ਹਾਂ ਜਾਇਜ਼ਾ ਤੇ ਜਾਂਚ ਕਰ ਕੇ ਦੱਸਿਆ ਕਿ ਇਹ ਲਾਈਨ ਟ੍ਰਾਂਸਕੋ ਨਾਲ ਸਬੰਧਤ ਹੈ। ਇਸ ਮੌਕੇ ਪਿੰਡ ਸਹਿਜਾਦ ਦੇ ਸਰਪੰਚ ਗੁਰਪ੍ਰੀਤ ਸਿੰਘ ਪਿੰਡ ਲਲਤੋਂ ਕਲਾਂ ਦੇ ਸਰਪੰਚ ਜਗਜਿੰਦਰਾ ਸਿੰਘ, ਜਮਹੂਰੀ ਕਿਸਾਨ ਸਭਾ ਲੁਧਿਆਣਾ ਦੇ ਆਗੂਆਂ ਰਘਬੀਰ ਸਿੰਘ ਬੈਨੀਪਾਲ, ਅਮਰਜੀਤ ਸਹਿਜਾਦ, ਬੂਟਾ ਸਿੰਘ ਮਨਸੂਰਾਂ, ਇੰਦਰਪਾਲ ਦੋਲੋਂ ਕਲਾਂ, ਰਾਣਾ ਲਤਾਲਾ ਦੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।  ਅੱਗ ਲੱਗਣ ਕਾਰਨ ਪ੍ਰੀਤਮ ਸਿੰਘ ਸਪੁੱਤਰ ਜਗਮੇਲ ਸਿੰਘ ਦੀ 1 ਏਕੜ, ਅਮਨਦੀਪ ਸਿੰਘ ਲਲਤੋਂ ਕਲਾਂ ਦੀ 4 ਏਕੜ, ਮਨਪ੍ਰੀਤ ਸਿੰਘ ਸਹਿਜਾਦ ਦੀ 4 ਏਕੜ, ਗੁਰਮੇਲ ਸਿੰਘ ਸਪੁੱਤਰ ਬਚਿੱਤਰ ਸਿੰਘ ਦੋਲੋਂ ਕਲਾਂ ਦੀ 1 ਏਕੜ ਖੜ੍ਹੀ ਕਣਕ ਤੋਂ ਇਲਾਵਾ ਜਗਰੂਪ ਸਿੰਘ ਸਪੁੱਤਰ ਸੁਖਚੈਨ ਸਿੰਘ ਦੋਲੋਂ ਕਲਾਂ ਦੀ 2 ਏਕੜ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ।
ਪੀੜਤ ਕਿਸਾਨਾਂ ਨੇ ਕੀਤੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ
ਇਸ ਮੌਕੇ ਪੁੱਜੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਰਘਵੀਰ ਸਿੰਘ ਬੈਨੀਪਾਲ ਅਮਰਜੀਤ ਸਿੰਘ ਸਹਿਜਾਦ, ਬਲਬੀਰ ਸਿੰਘ ਮਨਸੂਰਾਂ, ਦਵਿੰਦਰ ਰਾਣਾ ਲਤਾਲਾ, ਸੀ. ਟੀ. ਯੂ. ਆਗੂਆਂ ਚਰਨਜੀਤ ਹਿਮਾਯੂੰਪੁਰਾ ਤੇ ਅਮਰਜੀਤ ਹਿਮਾਯੂੰਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਬੂਟਾ ਸਿੰਘ ਦੇ ਸੜੀ ਫਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਸਰਕਾਰ ਆਪਣੇ ਤੌਰ 'ਤੇ ਕਰੇ।


Related News