ਡਰੇਨੇਰਜ ਵਿਭਾਗ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਕਿਸਾਨ

07/19/2017 12:06:15 AM

ਮਮਦੋਟ(ਸੰਜੀਵ)- ਬਾਰਿਸ਼ਾਂ ਨੂੰ ਮੁੱਖ ਰੱਖ ਕੇ ਸੇਮਨਾਲਿਆਂ ਦੀ ਅਗੇਤੀ ਸਫਾਈ ਸਬੰਧੀ ਡ੍ਰੇਨੇਜ ਵਿਭਾਗ ਵੱਲੋਂ ਵਰਤੀ ਗਈ ਢਿੱਲਮੱਠ ਤੇ ਲਾਪਰਵਾਹੀ ਇਲਾਕੇ ਦੇ ਕਿਸਾਨਾਂ ਲਈ ਇਕ ਵੱਡੀ ਮੁਸੀਬਤ ਬਣ ਗਈ ਹੈ। ਪਿਛਲੇ 3-4 ਸਾਲਾਂ ਤੋਂ ਸੇਮਨਾਲੇ ਦੀ ਸਫਾਈ ਨਾ ਹੋਣ ਕਰ ਕੇ ਨਿਕਾਸੀ ਵਾਲਾ ਪਾਣੀ ਓਵਰਫਲੋਅ ਹੋ ਕੇ ਨੇੜਲੇ ਖੇਤਾਂ ਵਿਚ ਵੜਨਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਕਈ ਏਕੜ ਝੋਨੇ ਦੀ ਫਸਲ ਗੰਦੇ ਪਾਣੀ ਦੀ ਮਾਰ ਹੇਠ ਆ ਗਈ ਹੈ। ਡੁੱਬੀ ਫਸਲ ਤੋਂ ਪ੍ਰਭਾਵਿਤ ਹੋ ਰਹੇ ਕਿਸਾਨਾਂ ਦੇ ਮੱਥਿਆਂ 'ਤੇ ਚਿੰਤਾ ਦੀਆਂ ਲਕੀਰਾਂ ਹੋਰ ਡੂੰਘੀਆਂ ਹੁੰਦੀਆਂ ਸਾਫ ਨਜ਼ਰ ਆ ਰਹੀਆਂ ਹਨ ਕਿਉਂਕਿ ਨਸ਼ਟ ਹੋ ਚੁੱਕੇ ਝੋਨੇ ਤੇ ਚਾਰੇ ਤੋਂ ਬਾਅਦ ਦੁਬਾਰਾ ਫਸਲ ਦਾ ਖਰਚ ਉਨ੍ਹਾਂ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ।
ਕੀ ਕਹਿੰਦੇ ਹਨ ਕਿਸਾਨ ਤੇ ਪਿੰਡ ਵਾਸੀ
ਕਿਸਾਨ ਮਨਜੀਤ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ, ਮਲਕੀਤ ਸਿੰਘ ਤੇ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਟਿੱਬੀ ਤੋਂ ਮਮਦੋਟ ਤੱਕ ਆ ਰਹੇ ਸੇਮਨਾਲੇ ਦੀ ਸਫਾਈ ਨਾ ਹੋਣ ਕਰਕੇ ਇਹ ਸੇਮਨਾਲਾ ਕਲਾਲ ਬੂਟੀ ਅਤੇ ਸਰਕੰਢੇ ਨਾਲ ਭਰ ਚੁੱਕਾ ਹੈ। ਬੀ. ਡੀ. ਓ. ਦਫਤਰ ਦੇ ਪਿਛਲੇ ਪਾਸੇ ਸੇਮਨਾਲੇ ਦੀ ਹੋਂਦ ਖਤਮ ਹੋਣ ਕਰਕੇ ਕਸਬੇ ਦੀ ਨਿਕਾਸੀ ਵਾਲਾ ਪਾਣੀ ਮਮਦੋਟ ਹਿਠਾੜ ਤੋਂ ਆ ਕੇ ਖੜ੍ਹਾ ਹੋ ਗਿਆ ਹੈ, ਜਿਸ ਦਾ ਦਬਾਅ ਵਧਣ ਨਾਲ ਸਾਰਾ ਗੰਦਾ ਪਾਣੀ ਨੇੜਲੇ ਖੇਤਾਂ ਵਿਚ ਵੜ ਚੁੱਕਾ ਹੈ ਤੇ ਝੋਨੇ ਦੀ ਫਸਲ, ਸਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਪਾਣੀ ਵਿਚ ਡੁੱਬ ਗਿਆ ਹੈ। 
ਕੀ ਕਹਿਣਾ ਹੈ ਨਗਰ ਨਿਵਾਸੀਆਂ ਦਾ
ਨਗਰ ਨਿਵਾਸੀ ਪ੍ਰੇਮ ਸੀਕਰੀ, ਛਿੰਦਾ ਸਿੰਘ, ਰਾਜਾ ਧੰਜਲ ਤੇ ਸ਼ਾਮ ਲਾਲ ਨੇ ਕਿਹਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਕਸਬੇ ਵਿਚ ਧਰਤੀ ਹੇਠਲਾ ਪਾਣੀ ਦੂਸ਼ਿਤ ਅਤੇ ਜ਼ਹਿਰੀਲਾ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਲੋਕਾਂ ਦੀ ਸਿਹਤ ਵੀ ਵਿਗੜ ਰਹੀ ਹੈ। ਸੇਮਨਾਲੇ 'ਚ ਖੜ੍ਹੇ ਗੰਦੇ ਪਾਣੀ ਉਪਰ ਹਮੇਸ਼ਾ ਹੀ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਲੱਗੀ ਰਹਿੰਦੀ ਹੈ, ਜਿਸ ਤੋਂ ਗਰਮੀਆਂ ਦੇ ਦਿਨਾਂ 'ਚ ਡੇਂਗੂ ਤੇ ਮਲੇਰੀਏ ਵਰਗੀ ਖਤਰਨਾਕ ਬੀਮਾਰੀ ਕਦੇ ਵੀ ਵਿਸਫੋਟਕ ਰੂਪ ਧਾਰਨ ਕਰ ਸਕਦੀ ਹੈ।


Related News