ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, 3500 ਲਿਟਰ ਲਾਹਨ, 3 ਭੱਠੀਆਂ ਅਤੇ ਹੋਰ ਸਮਾਨ ਬਰਾਮਦ

05/29/2024 4:26:46 PM

ਸਮਾਣਾ (ਦਰਦ, ਅਸ਼ੋਕ) : ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਕਸਾਈਜ਼ ਵਿਭਾਗ ਵੱਲੋਂ ਪਿੰਡ ਮਰੋੜੀ ਨੇੜੇ ਲੰਘਦੇ ਘੱਗਰ ਦਰਿਆ 'ਤੇ ਚਲਾਏ ਗਏ ਇਕ ਸਰਚ ਅਭਿਆਨ ਤਹਿਤ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਦਰਿਆ ਦੇ ਘਾਟ ਤੇ ਜ਼ਮੀਨ ਵਿਚ ਦਬਾ ਕੇ ਰੱਖੀ 3500 ਲਿਟਰ ਲਾਹਨ, ਭੱਠੀਆਂ ਅਤੇ ਕੁਝ ਹੋਰ ਸਮਾਨ ਬਰਾਮਦ ਹੋਇਆ। ਇਸ ਸੰਬਧ ਵਿਚ ਐਕਸਾਈਜ਼ ਵਿਭਾਗ ਸਮਾਣਾ ਦੇ ਇੰਸਪੈਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਪ੍ਰਾਪਤ ਗੁਪਤ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੇ ਏ.ਐੱਸ.ਆਈ. ਲਖਵਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਤਾਲਿਬ ਖਾਨ ਦੀ ਆਪਣੀ ਟੀਮ ਅਤੇ ਮਵੀ ਕਲਾਂ ਪੁਲਸ ਚੌਂਕੀ ਦੇ ਏ.ਐੱਸ.ਆਈ. ਰਣਜੀਤ ਸਿੰਘ ਦੀ ਟੀਮ ਨੂੰ ਨਾਲ ਲੈ ਕੇ ਘੱਗਰ ਦਰਿਆ ਦੇ ਕੁਮਾਰ ਘਾਟ ਅਤੇ ਸਰਚ ਅਭਿਆਨ ਚਲਾਇਆ। 

ਇਸ ਦੌਰਾਨ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ 15 ਪਲਾਸਟਿਕ ਤਰਪਾਲਾ ਵਿਚ ਬੰਨ੍ਹ ਕੇ ਜ਼ਮੀਨ ਵਿਚ ਦਬਾਈ ਕਰੀਬ 3500 ਲਿਟਰ ਲਾਹਨ, ਇਕ ਚਲਦੀ ਅਤੇ ਦੋ ਬੰਦ ਭੱਠੀਆਂ, ਪਲਾਸਟਿਕ ਡਰੰਮ, ਕੋਲਾ 4-5 ਗੁੜ ਦੇ ਕੱਟੇ ਸਣੇ ਹੋਰ ਸਮਾਨ ਵੀ ਬਰਾਮਦ ਕੀਤਾ। ਕਾਫੀ ਭਾਲ ਦੇ ਬਾਵਜੂਦ ਲਾਹਨ ਅਤੇ ਸਮਾਨ ਦੇ ਮਾਲਕ ਸੰਬੰਧੀ ਕੋਈ ਜਾਣਕਾਰੀ ਨਾ ਮਿਲਣ 'ਤੇ ਆਪਰੇਸ਼ਨ ਟੀਮ ਨੇ ਬਰਾਮਦ ਸਮਾਨ ਪੁਲਸ ਦੇ ਹਵਾਲੇ ਕਰਕੇ ਦਰਿਆ ਤੋਂ ਬਰਾਮਦ ਲਾਹਨ ਨੂੰ ਉਥੇ ਹੀ ਨਸ਼ਟ ਕਰ ਦਿੱਤਾ। ਅਧਿਕਾਰੀ ਦੇ ਅਨੁਸਾਰ ਚੋਣਾਂ ਦੇ ਬਾਅਦ ਵੀ ਇਹ ਅਭਿਆਨ ਜਾਰੀ ਰਹੇਗਾ।


Gurminder Singh

Content Editor

Related News