ਘਰ ਅਤੇ ਜ਼ਮੀਨ ਦੀ ਕੁਰਕੀ ਰੋਕਣ ਲਈ ਕਿਸਾਨਾਂ ਵੱਲੋਂ ਪ੍ਰਦਰਸ਼ਨ

Friday, Feb 16, 2018 - 02:37 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ   (ਬਾਵਾ/ਜਗਸੀਰ)-  ਅੱਜ ਨਿਹਾਲ ਸਿੰਘ ਵਾਲਾ ਦੇ ਪ੍ਰਸ਼ਾਸਨ ਨੂੰ ਉਸ ਸਮੇਂ ਕਿਸਾਨਾਂ ਦੇ ਰੋਹ ਅੱਗੇ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ਜਦੋਂ ਇਕ ਕਰਜ਼ਾਈ ਕਿਸਾਨ ਦੇ ਘਰ ਅਤੇ ਜ਼ਮੀਨ ਦੀ ਕੁਰਕੀ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਡੀ ਨਿਹਾਲ ਸਿੰਘ ਵਾਲਾ ਦੇ ਪੰਚਾਇਤ ਘਰ 'ਚ ਇਕੱਠ ਕਰ ਕੇ ਇਸ ਕੁਰਕੀ ਦਾ ਵਿਰੋਧ ਕੀਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂਆਂ ਬਲਾਕ ਪ੍ਰਧਾਨ ਗੁਰਚਰਨ ਰਾਮਾ, ਸੌਦਾਗਰ ਸਿੰਘ ਖਾਈ ਤੇ ਬੂਟਾ ਸਿੰਘ ਭਾਗੀਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵੋਟਾਂ ਵੇਲੇ ਵਾਅਦੇ ਕੀਤੇ ਸਨ ਕਿ ਸੂਬੇ ਦੇ ਕਿਸੇ ਕਿਸਾਨ ਦੀ ਕਰਜ਼ੇ ਬਦਲੇ ਕੁਰਕੀ ਨਹੀਂ ਕੀਤੀ ਜਾਵੇਗੀ ਪਰ ਅੱਜ ਪਿੰਡ ਨਿਹਾਲ ਸਿੰਘ ਵਾਲਾ ਦੇ ਕਿਸਾਨ ਗੁਰਲਾਲ ਸਿੰਘ ਦੀ ਕਰਜ਼ੇ ਬਦਲੇ ਕੁਰਕੀ ਦੇ ਹੁਕਮ ਦਿੱਤੇ ਗਏ ਹਨ। ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸੂਬੇ ਵਿਚ ਕਿਸੇ ਵੀ ਕਿਸਾਨ ਦੀ ਕੁਰਕੀ ਨਹੀਂ ਹੋਣ ਦੇਵੇਗੀ ਅਤੇ ਇਸ ਖਿਲਾਫ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ।  
ਇਸ ਮੌਕੇ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਨੇ ਕੁਰਕੀ ਕਰਨ ਆਉਣਾ ਸੀ ਪਰ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਤਹਿਸੀਲਦਾਰ ਜਾਂ ਮਾਲ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਕਿਸਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਉਸ ਨੇ ਆੜ੍ਹਤੀਏ ਨੂੰ ਕਰਜ਼ੇ ਦੇ ਇਕ ਲੱਖ 60 ਹਜ਼ਾਰ ਵਾਪਸ ਕਰ ਦਿੱਤੇ ਸਨ ਪਰ ਆੜ੍ਹਤੀਏ ਨੇ ਖਾਲੀ ਪ੍ਰਨੋਟ ਰਾਹੀਂ ਦਸਤਖਤ ਕਰਵਾ ਕੇ ਉਸ ਉਪਰ ਕੇਸ ਕਰ ਦਿੱਤਾ। ਇਸ ਮੌਕੇ ਗੁਰਚਰਨ ਸਿੰਘ ਰਾਮਾ, ਸੌਦਾਗਰ ਸਿੰਘ ਖਾਈ, ਅਵਤਾਰ ਸਿੰਘ, ਇੰਦਰਮੋਹਨ ਪੱਤੋ ਆਦਿ ਹਾਜ਼ਰ ਸਨ।   ਇਸ ਮੌਕੇ ਜਦੋਂ ਤਹਿਸੀਲਦਾਰ ਭੁਪਿੰਦਰ ਸਿੰਘ ਨਾਲ ਫੋਨ 'ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਅੱਜ ਕਿਸਾਨ ਗੁਰਲਾਲ ਸਿੰਘ ਦੀ ਕਰਜ਼ੇ ਬਦਲੇ ਕੁਰਕੀ ਕੀਤੀ ਜਾਣੀ ਸੀ ਪਰ ਕੋਈ ਵਿਅਕਤੀ ਬੋਲੀ ਦੇਣ ਵਾਲਾ ਨਾ ਆਉਣ ਕਰ ਕੇ ਇਹ ਕੁਰਕੀ ਮੁਲਤਵੀ ਕਰਨੀ ਪੈ ਗਈ ਹੈ।


Related News