ਕਿਸਾਨਾਂ ਵਲੋਂ ਬਾਰਦਾਨੇ ਦੀ ਘਾਟ ਨੂੰ ਲੈ ਕੇ ਧਰਨਾ, ਅਣਮਿੱਥੇ ਸਮੇਂ ਲਈ ਟਰੈਫਿਕ ਜਾਮ

Monday, Apr 26, 2021 - 04:27 PM (IST)

ਕਿਸਾਨਾਂ ਵਲੋਂ ਬਾਰਦਾਨੇ ਦੀ ਘਾਟ ਨੂੰ ਲੈ ਕੇ ਧਰਨਾ, ਅਣਮਿੱਥੇ ਸਮੇਂ ਲਈ ਟਰੈਫਿਕ ਜਾਮ

ਭਗਤਾ ਭਾਈ (ਪਰਮਜੀਤ ਢਿੱਲੋਂ) : ਅੱਜ ਸਵੇਰੇ ਲਗਭਗ 10 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਨੇੜਲੇ ਪਿੰਡ ਜਲਾਲ ਵਿਖੇ ਬਾਜਾਖਾਨਾ-ਬਰਨਾਲਾ ਰੋੜ ਨੂੰ ਕਿਸਾਨਾਂ ਵਲੋਂ ਪੂਰਨ ਤੌਰ ’ਤੇ ਬੰਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਕੋਠਾਗੁਰੂ ਆਗੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਦੱਸਿਆ ਕਿ ਪਿੰਡ ਜਲਾਲ ਵਿਖੇ ਕਿਸਾਨਾ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫਸਲ ਖੁੱਲ੍ਹੇ ਅਸਮਾਨ ਹੇਠ ਪਿਛਲੇ 15 ਦਿਨਾ ਤੋਂ ਰੁਲ ਰਹੀ ਹੈ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਇਸ ਸਮੇਂ ਉਨ੍ਹਾਂ ਕਿਹਾ ਕਿ ਕਿਸਾਨਾ ਦੀ ਕਣਕ ਦੀ ਫਸਲ ਲਈ ਸਰਕਾਰ ਨੂੰ ਬਾਰਦਾਨੇ ਦਾ ਪ੍ਰਬੰਧ 2 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਹੈ ਕਿ ਇਸ ਵਾਰ ਕਿੰਨੀ ਫਸਲ ਅਨਾਜ ਮੰਡੀਆਂ ਵਿਚ ਆਉਣੀ ਹੈ। ਇਸ ਲਈ ਸਰਕਾਰ ਇਸ ਕਣਕ ਦੀ ਖਰੀਦ ਦੇ ਸਬੰਧ ਵਿਚ ਪੂਰੀ ਤਰ੍ਹਾ ਫੇਲ ਹੋ ਚੁੱਕੀ ਹੈ ਤੇ ਸਰਕਾਰ ਇਸ ਮਸਲੇ ਨੂੰ ਜਾਣਬੁੱਝ ਕੇ ਲਟਕਾ ਰਹੀ ਹੈ।

ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਕਣਕ ਦੀ ਖਰੀਦ ਲਈ ਪੂਰਨ ਤੌਰ ’ਤੇ ਪੱਕੇ ਬਾਰਦਾਨਾ ਆਦਿ ਦੇ ਪ੍ਰਬੰਧ ਲਹੀਂ ਕਰਦੀ ਉਨੀ ਦੇਰ ਤੱਕ ਚੱਕਾ ਜਾਮ ਕਰਕੇ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਕਿਸਾਨ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਹਨ ਤੇ ਸਰਕਾਰ ਸਿਰਫ ਆਪਣੀ ਐਸ਼ ਪ੍ਰਸਤੀ ਵਿਚ ਮਗਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਬਾਰਦਾਨੇ ਦਾ ਪ੍ਰਬੰਧ ਕਰੇ, ਨਹੀਂ ਤਾਂ ਅਗਲੇ ਸੰਘਰਸ਼ ਦਾ ਐਲਾਣ ਕੀਤਾ ਜਾਵੇਗਾ। ਇਸ ਸਮੇਂ ਹਰਨੇਕ ਸਿੰਘ ਗੁੰਮਟੀ, ਸੋਹਨ ਸਿੰਘ ਜਲਾਲ, ਹਰਬੰਸ ਸਿੰਘ, ਨਿਹਾਲ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਆਦਿ ਆਗੂ ਅਤੇ ਪਿੰਡਾਂ ਦੇ ਕਿਸਾਨ ਹਾਜ਼ਰ ਸਨ।

ਕੀ ਕਹਿਣਾ ਐੱਸ. ਐੱਚ. ਓ ਭਗਤਾ ਦਾ
ਇਸ ਸਬੰਧੀ ਜਦੋਂ ਸਥਾਨਕ ਪੁਲਸ ਥਾਣੇ ਦੇ ਐੱਸ. ਐੱਚ. ਓ. ਹਰਬੰਸ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਲੋਕਾਂ ਦੀ ਆਵਜਾਈ ਵਿਚ ਵਿਘਨ ਪੈ ਜਾਣ ਦੇ ਡਰੋਂ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਧਰਨੇ ਸਬੰਧੀ ਮਾਨਯੋਗ ਐੱਸ. ਡੀ. ਐੱਮ. ਰਾਮਪੁਰਾ ਫੂਲ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲਸ ਆਪਣੀ ਡਿਊਟੀ ਪੂਰੀ ਮੁਸ਼ਤੈਦੀ ਨਾਲ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।


author

Gurminder Singh

Content Editor

Related News