ਕੁਲਬੀਰ ਜ਼ੀਰਾ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਖੋਲ੍ਹਿਆ ਮੋਰਚਾ
Friday, Jan 18, 2019 - 06:34 PM (IST)

ਫਿਰੋਜ਼ਪੁਰ : ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਸਾਨ ਕਮੇਟੀ ਨੇ ਕਿਹਾ ਕਿ ਜ਼ੀਰਾ ਹਲਕੇ 'ਚ ਕਾਂਗਰਸ ਸਰਕਾਰ ਬਣਨ 'ਤੇ ਜਿਹੜਾ ਗੁੰਡਾ ਰਾਜ ਬਣਿਆ, ਰੇਤ ਦਾ ਕਾਲਾ ਕਾਰੋਬਾਰ, ਨਸ਼ੇ ਦਾ ਕਾਰੋਬਾਰ, ਗਰੀਬਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕੀਤੇ ਗਏ ਦੀ ਜਾਂਚ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਨੇ ਲੁੱਟਿਆ ਅਤੇ ਹੁਣ ਕਾਂਗਰਸ ਦੇ ਵਿਧਾਇਕ ਪੰਜਾਬ ਨੂੰ ਲੁੱਟ ਰਹੇ ਹਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜ਼ੀਰਾ ਤੇ ਉਸ ਦਾ ਪਰਿਵਾਰ ਗਰੀਬਾਂ ਦੀਆਂ ਜ਼ਮੀਨਾਂ ਹੜੱਪ ਰਿਹਾ ਹੈ। ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਜ਼ੀਰਾ 'ਚ ਸਤਲੁਜ ਦਰਿਆ ਦੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਹੜੱਪੀਆਂ ਗਈਆਂ। ਗਰੀਬ ਮਜ਼ਦੂਰਾਂ ਦੇ ਮਕਾਨ ਤਬਾਹ ਕੀਤੇ ਗਏ। ਉਨ੍ਹਾਂ ਕਿਹਾ ਕਿ ਪਿੰਡ ਕੱਚਰ ਭੰਨ 'ਚ 77 ਕਨਾਲ ਜ਼ਮੀਨ ਨੂੰ ਵਿਧਾਇਕ ਨੇ ਆਪਣੇ ਸਾਥੀ ਦੀ ਪਤਨੀ ਦੇ ਨਾਮ ਲਿਖਾ ਦਿੱਤਾ, ਜਿਸ ਤੋਂ ਬਾਅਦ ਉਸ ਜ਼ਮੀਨ 'ਤੇ ਕਾਸ਼ਤ ਕਰਨ ਵਾਲੇ ਕਿਸਾਨ ਦੇ ਬੇਟੇ ਨੇ ਖੁਦਕੁਸ਼ੀ ਕਰ ਲਈ ਸੀ, ਉਸ ਦੀ ਜਾਂਚ ਚੱਲ ਰਹੀ ਹੈ। ਪਿੰਡ ਦੀਨੇ ਕੇ 'ਚ ਪੰਚਾਇਤੀ ਜ਼ਮੀਨ ਦੇ ਸਫੈਦੇ ਪੁੱਟ ਦਿੱਤੇ ਗਏ ਪਰ ਉਸ ਦੇ ਕੋਈ ਹੱਲ ਨਹੀਂ ਨਿਕਲਿਆ। ਪੰਨੂ ਨੇ ਕਿਹਾ ਕਿ ਜੇ ਸਰਕਾਰ ਇਨ੍ਹਾਂ ਸਾਰਿਆਂ ਮਸਲਿਆਂ ਦੀ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਨਹੀਂ ਕਰਵਾਉਂਦੀ ਤਾਂ 11 ਫਰਵਰੀ ਨੂੰ ਡੀ. ਸੀ. ਦਫਤਰ ਸਾਹਮਣੇ ਧਰਨਾ ਦਿਤਾ ਜਾਵੇਗਾ ਅਤੇ ਇਹ ਧਰਨਾ ਤਿੰਨ ਦਿਨ ਤਕ ਜਾਰੀ ਰਹੇਗਾ।