ਆਪਣੇ ਹੀ ਖੇਤ ''ਚ ਜਾਣ ਤੋਂ ਰੋਕਣ ਦਾ ਮਾਮਲਾ ਐੱਸ. ਸੀ. ਕਮਿਸ਼ਨ ਕੋਲ ਪਹੁੰਚਿਆ
Sunday, Jul 02, 2017 - 08:01 AM (IST)

ਚੰਡੀਗੜ੍ਹ - ਆਪਣੇ ਖੇਤਾਂ 'ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਛੋਟੇ ਦਲਿਤ ਕਿਸਾਨ ਨੂੰ ਰਸੂਖਦਾਰਾਂ ਦੀ ਦਬੰਗਈ ਦੇ ਅੱਗੇ ਇੰਨਾ ਬੇਵੱਸ ਹੋਣਾ ਪਿਆ ਹੈ ਕਿ ਉਹ ਆਪਣੇ ਖੇਤਾਂ ਵਿਚ ਜਾਣ ਨੂੰ ਵੀ ਤਰਸ ਰਿਹਾ ਹੈ। ਮਾਮਲਾ ਜੁੜਿਆ ਹੈ ਫਿਰੋਜ਼ਪੁਰ ਦੇ ਗੁਰੂਹਰਸਹਾਏ ਪਿੰਡ ਈਸਾ ਪੰਜਗਰਾਈਂ ਦਾ, ਜਿੱਥੇ ਰਸੂਖਦਾਰਾਂ ਨੇ ਆਪਣੇ ਖੇਤਾਂ ਵਿਚੋਂ ਨਿਕਲਣ ਵਾਲੇ ਸਾਂਝੇ ਰਸਤੇ ਦੀ ਦੁੱਗਣੀ ਕੀਮਤ ਵੀ ਦਲਿਤ ਕਿਸਾਨ ਤੋਂ ਵਸੂਲੀ ਅਤੇ ਉਸ ਤੋਂ ਬਾਅਦ ਫਿਰ ਤੋਂ ਉਸ ਰਸਤੇ ਨੂੰ ਬੰਦ ਕਰ ਦਿੱਤਾ, ਉਥੇ ਹੀ ਗੁਰੂਹਰਸਹਾਏ ਥਾਣਾ ਪੁਲਸ ਉਪਰ ਭਾਜਪਾ ਵਲੋਂ ਰਸੂਖਦਾਰਾਂ ਦੀ ਸ਼ਹਿ 'ਤੇ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਹ ਮਾਮਲਾ ਅੱਜ ਨੈਸ਼ਨਲ ਐੱਸ. ਸੀ. ਕਮਿਸ਼ਨ ਕੋਲ ਪਹੁੰਚਿਆ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਦੀ ਅਗਵਾਈ ਹੇਠ ਵਫ਼ਦ ਨੇ ਕਮਿਸ਼ਨ ਨੂੰ ਚੰਡੀਗੜ੍ਹ ਪਹੁੰਚ ਕੇ ਸ਼ਿਕਾਇਤ ਦਿੱਤੀ। ਜੋਸ਼ੀ ਨੇ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਖੇਤਰੀ ਡਾਇਰੈਕਟਰ ਰਾਜ ਕੁਮਾਰ ਨੂੰ ਪੂਰੇ ਮਾਮਲੇ ਸਬੰਧੀ ਜਾਣੂ ਕਰਵਾਇਆ ਕਿ ਕਿਵੇਂ ਰਸੂਖਦਾਰਾਂ ਨੇ ਦੁੱਗਣੀ ਕੀਮਤ ਵਸੂਲਣ ਦੇ ਬਾਵਜੂਦ ਬਣਾਇਆ ਗਿਆ ਸਾਂਝਾ ਰਸਤਾ ਬੰਦ ਕਰ ਕੇ ਦਲਿਤ ਕਿਸਾਨ ਦਾ ਆਪਣੇ ਹੀ ਖੇਤਾਂ ਵਿਚ ਜਾਣਾ ਬੰਦ ਕਰ ਰੱਖਿਆ ਹੈ। ਇਸ ਮੌਕੇ ਭਾਜਪਾ ਦੀ ਫਿਰੋਜ਼ਪੁਰ ਇਕਾਈ ਦੇ ਮੰਡਲ ਪ੍ਰਧਾਨ ਰਮੇਸ਼ ਕੰਬੋਜ ਵੀ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਲੂਕ ਸਿੰਘ ਨੇ ਦੱਸਿਆ ਕਿ ਮੇਰੇ ਖੇਤ ਨੂੰ ਜਾਣ ਵਾਲਾ ਰਸਤਾ ਪਿੰਡ ਦੇ ਹੀ ਇਕ ਰਸੂਖਦਾਰ ਪਰਿਵਾਰ ਦੇ ਖੇਤਾਂ ਵਿਚੋਂ ਨਿਕਲਦਾ ਹੈ। ਉਕਤ ਰਸਤੇ ਨੂੰ ਲੈ ਕੇ ਮੇਰਾ ਉਕਤ ਵਿਅਕਤੀਆਂ ਦੇ ਨਾਲ ਇਕ ਲਿਖਤੀ ਸਮਝੌਤਾ ਦੋ ਸਾਲ ਪਹਿਲਾਂ 31 ਮਈ 2015 ਨੂੰ ਹੋਇਆ ਸੀ, ਜਿਸਦੇ ਤਹਿਤ ਉਕਤ ਵਿਅਕਤੀਆਂ ਨੇ ਆਪਣੇ ਖੇਤਾਂ 'ਚੋਂ ਨਿਕਲਣ ਵਾਲੇ ਰਸਤੇ ਦੇ ਬਦਲੇ ਆਪਣੀ ਇਕ ਹੋਰ ਥਾਂ ਜੋ ਖਾਲੀ ਅਤੇ ਬੰਜਰ ਹੈ, ਦਾ ਸੌਦਾ ਕਰਵਾਉਣ ਦੇ ਲਈ ਕਿਹਾ, ਜਿਸਦੀ ਇਨ੍ਹਾਂ ਨੇ ਮਨਮਾਨੀ ਕੀਮਤ ਵਸੂਲ ਕੀਤੀ। ਇਸ ਤੋਂ ਬਾਅਦ ਇਨ੍ਹਾਂ ਰਸੂਖਦਾਰ ਵਿਅਕਤੀਆਂ ਨੇ ਆਪਣੇ ਖੇਤਾਂ ਵਿਚੋਂ 9 ਮਰਲੇ 'ਤੇ ਬਣਨ ਵਾਲੇ ਸਾਂਝੇ ਰਸਤੇ ਦੇ ਬਦਲੇ ਮੇਰੇ ਤੋਂ 9 ਮਰਲੇ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ। ਨੈਸ਼ਨਲ ਐੱਸ.ਸੀ ਕਮਿਸ਼ਨ ਨੇ ਭਾਜਪਾ ਆਗੂ ਵਿਨੀਤ ਜੋਸ਼ੀ ਦੇ ਨਾਲ ਭਾਜਪਾ ਦੀ ਫਿਰੋਜ਼ਪੁਰ ਇਕਾਈ ਦੇ ਮੰਡਲ ਪ੍ਰਧਾਨ ਰਮੇਸ਼ ਕੰਬੋਜ ਦੀ ਅਗਵਾਈ ਵਿਚ ਆਏ ਪੀੜਤ ਕਿਸਾਨ ਮਲੂਕ ਸਿੰਘ ਨੂੰ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।