ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ
Sunday, Aug 20, 2017 - 07:04 AM (IST)

ਪਾਇਲ (ਵਿਨਾਇਕ, ਬਰਮਾਲੀਪੁਰ, ਬਿੱਟੂ) - ਪਿੰਡ ਮਕਸੂਦੜਾ 'ਚ ਕਰਜ਼ੇ ਤੋਂ ਦੁਖੀ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਉਰਫ਼ ਸੁੱਖਾ (28) ਵੱਲੋਂ ਘਰ 'ਚ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮ੍ਰਿਤਕ ਕਿਸਾਨ 'ਤੇ 3 ਲੱਖ ਰੁਪਏ ਦਾ ਕਰਜ਼ਾ ਸੀ। ਉਹ ਮਾਪਿਆਂ ਦਾ ਇਕਲੌਤਾ ਅਤੇ ਕੁਆਰਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਪਾਲ ਸਿੰਘ ਨੇ ਦੱਸਿਆ ਕਿ ਉਸਦਾ ਇਕਲੌਤਾ ਪੁੱਤਰ ਘਰ ਦੀ 1-1/2 ਏਕੜ ਜ਼ਮੀਨ 'ਤੇ ਵਾਹੀ ਕਰਦਾ ਸੀ ਅਤੇ ਪਿਛਲੇ 3 ਸਾਲਾਂ ਤੋਂ ਲਗਾਤਾਰ ਫਸਲਾਂ ਦੀ ਉਪਜ ਘੱਟ ਨਿਕਲਣ ਤੇ ਹੋਰ ਘਰੇਲੂ ਖਰਚਿਆਂ ਕਰਕੇ ਉਸ ਸਿਰ ਬੈਂਕ ਤੋਂ ਤਿੰਨ ਸਾਲ ਪਹਿਲਾਂ ਲਿਆ ਹੋਇਆ ਤਿੰਨ ਲੱਖ ਰੁਪਏ ਦਾ ਕਰਜ਼ਾ ਭਾਰਾ ਹੁੰਦਾ ਜਾਂਦਾ ਸੀ। ਉਹ ਕਰਜ਼ਾ ਨਾ ਭਰੇ ਜਾਣ ਕਾਰਨ ਪਿਛਲੇ ਕਈ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ ਕਰਕੇ ਹੀ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮ੍ਰਿਤਕ 8ਵੀਂ ਫੇਲ ਸੀ ਅਤੇ ਕਾਫੀ ਸਮੇਂ ਤੋਂ ਬੀਮਾਰ ਚੱਲਿਆ ਆ ਰਿਹਾ ਸੀ। ਬੀਮਾਰੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਸਨੇ ਆਪਣੇ ਘਰ 'ਚ ਹੀ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਪਾਲ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਹੈ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਰਾਜ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।