ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਮਸਕਟ ਗਈ ਕੁੜੀ ਲਈ ਮਸੀਹਾ ਬਣਿਆ ਅਵਤਾਰ ਸਿੰਘ
Wednesday, Feb 26, 2020 - 03:36 PM (IST)
ਫਰੀਦਕੋਟ (ਜਗਤਾਰ) - ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋ ਮਸਕਟ ਗਈ ਫਰੀਦਕੋਟ ਦੇ ਪਿੰਡ ਅਰਾਈਂਆਂਵਾਲਾ ਕਲਾਂ ਦੀ ਇਕ ਕੁੜੀ ਇਕ ਭਾਰਤੀ ਦੀ ਮਦਦ ਨਾਲ ਵਾਪਸ ਘਰ ਪਰਤ ਆਈ ਹੈ। ਭਾਰਤ ਵਾਪਸ ਆਉਣ ’ਤੇ ਪੀੜਤ ਕੁੜੀ ਨੇ ਕੰਪਨੀ ਮਾਲਕਾਂ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਜਾਣਕਾਰੀ ਅਨੁਸਾਰ ਪਿੰਡ ਅਰਾਈਂਆਂਵਾਲਾ ਕਲਾਂ ਦੀ ਪੀੜਤ ਰੇਖਾ ਜ਼ੀਰੇ ਦੇ ਲਾਗਲੇ ਪਿੰਡ ’ਚ ਵਿਆਹੀ ਹੋਈ ਹੈ, ਜਿਸ ਨੂੰ ਉਥੋਂ ਦੇ 1 ਟ੍ਰੈਵਲ ਏਜੰਟ ਨੇ ਕਰੀਬ 2 ਲੱਖ ਰੁਪਏ ਲੈ ਪੈਕਿੰਗ ਦੇ ਕੰਮ ’ਤੇ ਦੁਬਈ ਭੇਜਿਆ ਸੀ। ਏਜੰਟ ਨੇ ਰੇਖਾ ਨੂੰ ਦੁਬਈ ਜਾਣ ਮੌਕੇ ਜੋ ਦੱਸਿਆ ਸੀ, ਸਭ ਕੁਝ ਉਸ ਦੇ ਉਲਟ ਹੋ ਗਿਆ। ਏਜੰਟ ਨੇ ਰੇਖਾ ਨੂੰ ਦੁਬਈ ਟੂਰਿਸਟ ਵੀਜੇ ’ਤੇ ਭੇਜਿਆ ਸੀ, ਜਿਸ ਦੌਰਾਨ ਵਿਦੇਸ਼ ’ਚ ਉਸ ’ਤੇ ਤਸ਼ੱਦਦ ਕਰ ਕੰਮ ਕਰਵਾਇਆ ਜਾਂਦਾ ਸੀ। ਇਹੀ ਨਹੀਂ ਇਕ ਤੋਂ ਦੂਜੀ, ਦੂਜੀ ਤੋਂ ਤੀਜੀ ਥਾਂ ਉਸ ਨੂੰ ਹੋਰ ਪੰਜਾਬੀ ਭਾਰਤੀ ਕੁੜੀਆਂ ਨਾਲ ਬੰਧਕ ਬਣਾ ਕੇ ਰੱਖਿਆ ਗਿਆ, ਜਿਥੇ ਉਸ ਨਾਲ ਆਏ ਦਿਨ ਅੱਤਿਆਚਾਰ ਕੀਤਾ ਜਾਂਦਾ ਸੀ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਰੇਖਾ ਨੇ ਦੱਸਿਆ ਕਿ ਅਸੀਂ ਪੰਜਾਬ ਦੀਆਂ 11 ਕੁੜੀਆਂ ਉਥੇ ਫਸੀਆਂ ਹੋਈਆਂ ਸਨ, ਜਿਨ੍ਹਾਂ ’ਚੋਂ 8 ਭਾਰਤ ਆ ਚੁੱਕੀਆਂ ਹਨ ਅਤੇ 3 ਹਾਲੇ ਵੀ ਉਥੇ ਹਨ। ਉਨ੍ਹਾਂ ਦੇ ਪਾਸਪੋਰਟ ਏਜੰਟਾਂ ਨੇ ਜ਼ਬਤ ਕਰ ਲਏ ਸਨ। ਭਾਰਤੀ ਅਬੈਂਨਸੀ ਨੇ ਉਨ੍ਹਾਂ ਦੇ ਨਵੇਂ ਪਾਸਪੋਰਟ ਤਿਆਰ ਕਰਕੇ ਵਾਪਸ ਭੇਜਿਆ। ਰੇਖਾ ਨੇ ਦੱਸਿਆ ਕਿ ਉਹ ਦੁਬਈ ’ਚ ਰਹਿੰਦੇ ਸਿੱਖ ਅਵਤਾਰ ਸਿੰਘ ਦੇ ਯਤਨਾਂ ਸਦਕਾ ਵਾਪਸ ਪਰਤੀ ਹੈ, ਜਿਸ ਦੌਰਾਨ ਉਨ੍ਹਾਂ ਟ੍ਰੈਵਲ ਏਜੰਟ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਪਿੰਡ ਦੇ ਸਿੱਖ ਆਗੂ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਿੰਡ ਦੀ ਕੁੜੀ ਦੁਬਈ ਕੰਮ ਕਰਨ ਦੇ ਲਈ ਦੁਬਈ ਗਈ ਸੀ, ਜਿਥੇ ਉਸ ਨੂੰ ਬੰਧਕ ਬਣਾਇਆ ਹੋਇਆ ਸੀ। ਉਨ੍ਹਾਂ ਨੇ ਕੁੜੀਆਂ ਨੂੰ ਮੁਕਤ ਕਰਵਾਉਣ ਦੇ ਲਈ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕੀਤਾ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜ੍ਹੀ। ਉਨ੍ਹਾਂ ਦੱਸਿਆ ਕਿ ਦੁਬਈ ’ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਅਵਤਾਰ ਸਿੰਘ ਰਹਿੰਦੇ ਹਨ, ਜਿਨ੍ਹਾਂ ਨਾਲ ਅਸੀਂ ਸੰਪਰਕ ਕੀਤਾ। ਉਨ੍ਹਾਂ ਨੇ ਉਥੋਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਜਿਵੇਂ ਤਿਵੇਂ 11 ਕੁੜੀਆਂ ’ਚੋਂ 8 ਕੁੜੀਆਂ ਨੂੰ ਭਾਰਤ ਭੇਜਿਆ, ਜਿਨ੍ਹਾਂ ’ਚੋਂ 3 ਕੁੜੀਆਂ ਹਾਲੇ ਵੀ ਉਥੇ ਹਨ, ਉਹ ਵੀ ਕੁਝ ਦਿਨਾਂ ’ਚ ਵਾਪਸ ਆ ਜਾਣਗੀਆਂ।