‘ਮਰੀਜ਼ਾਂ ਦੀ ਸੇਵਾ ਸਹੀ ਅਰਥਾਂ ’ਚ ਮਨੁੱਖਤਾ ਦੀ ਸੇਵਾ’
Wednesday, Feb 27, 2019 - 04:08 AM (IST)

ਫਰੀਦਕੋਟ (ਜਸਬੀਰ ਕੌਰ)-ਵਿਸ਼ਵ ਪ੍ਰਸਿੱਧ ਦਾਨੀ ਐੱਸ. ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਨਿਰਸਵਾਰਥ ਕਾਰਜਾਂ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਡਾਇਲਸਿਸ ਮਸ਼ੀਨਾਂ ਲਈ ਵਰਤੇ ਜਾਂਦੇ ਪਾਣੀ ਲਈ ਪੁਰਾਣੇ ਵਾਟਰ ਟਰੀਟਮੈਂਟ ਪਲਾਂਟ ਦੀ ਜਗ੍ਹਾ ਲਗਭਗ ਢਾਈ ਲੱਖ ਰੁਪਏ ਦੀ ਲਾਗਤ ਵਾਲਾ ਨਵਾਂ ਪਲਾਂਟ ਲਾਇਆ ਗਿਆ। ਇਸ ਦਾ ਉਦਘਾਟਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਸਿੰਘ ਤੇ ਟਰੱਸਟ ਦੇ ਹੈੱਡ ਆਫਿਸ ਤੋਂ ਪਹੁੰਚੇ ਡਾ. ਅਮਰ ਸਿੰਘ ਆਜ਼ਾਦ ਨੇ ਸਾਂਝੇ ਤੌਰ ’ਤੇ ਕੀਤਾ। ਇਸ ਦੌਰਾਨ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਟਰੱਸਟ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਰੱਸਟ ਲੋਡ਼ਵੰਦਾਂ ਦੀ ਮਦਦ ਕਰ ਕੇ ਮਹਾਨ ਪਰਉਪਕਾਰ ਦਾ ਕੰਮ ਕਰ ਰਿਹਾ ਹੈ। ਮਰੀਜ਼ਾਂ ਦੀ ਸੇਵਾ ਸਹੀ ਅਰਥਾਂ ਵਿਚ ਮਨੁੱਖਤਾ ਦੀ ਸੇਵਾ ਹੈ। ਟਰੱਸਟ ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਕਰਮਜੀਤ ਸਿੰਘ ਹਰਦਿਆਲੇਆਣਾ ਤੇ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਓਬਰਾਏ ਜੀ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਦਾ ਲੋਕਾਈ ਨੂੰ ਬਹੁਤ ਲਾਭ ਹੋ ਰਿਹਾ ਹੈ। ਟਰੱਸਟ ਵੱਲੋਂ ਮਰੀਜ਼ਾਂ ਅਤੇ ਵਾਰਿਸਾਂ ਲਈ ਸੇਵਾ ਕਾਰਜ ਕੀਤੇ ਜਾ ਰਹੇ ਹਨ ਜਿਵੇਂ ਕਿ ਹਸਪਤਾਲ ’ਚ ਵੱਖ-ਵੱਖ ਥਾਵਾਂ ’ਤੇ ਆਰ. ਓ. ਸਿਸਟਮ, ਸਟਰੈਚਰ, ਵ੍ਹੀਲ ਚੇਅਰ ਅਤੇ ਇਲਾਜ ਦੌਰਾਨ ਵਰਤਿਆ ਜਾਂਦਾ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਜਾਰੀ ਸੇਵਾਵਾਂ ਦੇ ਨਾਲ-ਨਾਲ ਟਰੱਸਟ ਵੱਲੋਂ ਭਵਿੱਖ ’ਚ ਹਸਪਤਾਲ ਵਿਚ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਅਤੇ ਮੌਜੂਦ ਸਰਕਾਰੀ ਲੈਬਾਰਟਰੀ ਦੀ ਸਮੱਰਥਾ ਨੂੰ ਧਿਆਨ ’ਚ ਰੱਖਦਿਆਂ ਕੈਂਪਸ ਵਿਚ ਸੰਨੀ ਓਬਰਾਏ ਰੈਣ-ਬਸੇਰੇ ’ਚ ਇਕ ਕਲੀਨੀਕਲ ਲੈਬ ਵੀ ਤਿਆਰ ਕੀਤੀ ਜਾ ਰਹੀ ਹੈ, ਜੋ ਜਲਦ ਹੀ ਮਨੁੱਖਤਾ ਨੂੰ ਸਮਰਪਿਤ ਹੋਵੇਗੀ। ਇਸ ਸਮੇਂ ਡਾ. ਦਿਵਿਆ ਸੋਇਨ, ਸੂਰਤ ਸਿੰਘ ਖਾਲਸਾ, ਜਗਪਾਲ ਸਿੰਘ ਬਰਾਡ਼, ਜਸਵੀਰ ਸਿੰਘ ਬਰਾਡ਼ ਆਦਿ ਹਾਜ਼ਰ ਸਨ।