...ਜਦੋਂ ਕੈਪਟਨ ਦੇ ਐੱਮ.ਪੀ ਨੇ ਵਿਆਹ ’ਚ ਲਗਾਇਆ ਅਖਾੜਾ (ਵੀਡੀਓ)

Tuesday, Dec 17, 2019 - 09:56 AM (IST)

ਨਾਭਾ (ਰਾਹੁਲ) - ਨਾਭਾ ਵਿਖੇ ਪਹੁੰਚੇ ਫ਼ਰੀਦਕੋਟ ਦੇ ਐੱਮ. ਪੀ. ਮੁਹੰਮਦ ਸਦੀਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਮੁਹੰਮਦ ਸਦੀਕ ਭਾਵੇਂ ਪਾਰਲੀਮੈਂਟ ਦੇ ਮੈਂਬਰ ਹਨ ਪਰ ਉਨ੍ਹਾਂ ਨੇ ਆਪਣਾ ਵਿਰਸਾ ਨਹੀਂ ਛੱਡਿਆ। ਉਨ੍ਹਾਂ ਨਾਭਾ ਵਿਖੇ ਇਕ ਵਿਆਹ ਸਮਾਗਮ ’ਚ ਪਹੁੰਚ ਕੇ ਅਖਾੜਾ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਆਪਣੀ ਸਾਫ਼-ਸੁਥਰੀ ਲੋਕ-ਗਾਇਕੀ ਕਰਕੇ ਹੀ ਘਰ ਦਾ ਗੁਜ਼ਾਰਾ ਕਰ ਰਹੇ ਹਨ। ਸਾਂਸਦ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਮਿਲਣ ਵਾਲੀ ਤਣਖਾਹ ਨਾਲ ਉਨ੍ਹਾਂ ਦਾ ਚਾਹ ਪਾਣੀ ਦਾ ਖਰਚਾ ਮੁਸ਼ਕਲ ਨਾਲ ਚਲਦਾ ਹੈ। ਦੱਸ ਦਈਏ ਕਿ ਇਕ ਸਾਂਸਦ ਦੀ ਤਣਖਾਹ 1 ਲੱਖ ਰੁਪਏ ਹੁੰਦੀ ਹੈ, ਜਿਸਦੇ ਨਾਲ ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਰੋਜ਼ਾਨਾ ਭੱਤਾ, 45 ਹਜ਼ਾਰ ਸੰਵੈਧਾਨਕ ਭੱਤਾ, ਪੈਟਰੋਲ, ਟੈਲੀਫੋਨ ਅਤੇ ਹੋਰ ਖਰਚੇ ਪਾ ਕੇ ਦੇਸ਼ ਨੂੰ ਇਕ ਸਾਂਸਦ ਦਾ ਖਰਚਾ ਪੌਣੇ ਤਿੰਨ ਲੱਖ ਰੁਪਏ ਤੱਕ ਪੁੱਜ ਜਾਂਦਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਮੁਹੰਮਦ ਸਦੀਕ ਨੇ ਨਾਗਰਕਿਤਾ ਬਿੱਲ ਬਾਰੇ ਕਿਹਾ ਕਿ 2018 ’ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ। ਅੱਜ ਦੇਸ਼ ਦਾ ਸੰਵਿਧਾਨ, ਜੋ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਬਣਾਇਆ ਸੀ, ਨਾਲ ਕੇਂਦਰ ਸਰਕਾਰ ਛੇੜਛਾੜ ਕਰ ਰਹੀ ਹੈ। ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ’ਤੇ ਵਾਅਦੇ ਪੂਰੇ ਨਾ ਕੀਤੇ ਜਾਣ ’ਤੇ ਸਦੀਕ ਨੇ ਮੰਨਿਆ ਕਿ ਸਰਕਾਰ ਕੋਲ ਇੰਨੀਆਂ ਨੌਕਰੀਆਂ ਨਹੀਂ ਹਨ। ਫਿਰ ਵੀ ਸਰਕਾਰ ਨੇ ਪ੍ਰਾਈਵੇਟ ਖੇਤਰ ’ਚ ਬਹੁਤ ਨੌਕਰੀਆਂ ਦਿੱਤੀਆਂ ਹਨ। ਬੀਤੇ ਦਿਨ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ’ਤੇ ਮੁਹੰਮਦ ਸਦੀਕ ਨੇ ਕਿਹਾ ਕਿ ਬਾਦਲਾਂ ਦੀ ਜੇਬ ’ਚੋਂ ਪ੍ਰਧਾਨ ਅਤੇ ਜਨਰਲ ਸੈਕਟਰੀ ਨਿਕਲਦੇ ਹਨ। ਇਹ ਲੋਕਤੰਤਰ ਤਰੀਕੇ ਨਾਲ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਜੇਕਰ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਦਾ ਦਰਜਾ ਦਿੰਦੇ ਹਨ ਤਾਂ ਕੋਈ ਗਲਤ ਨਹੀਂ ਹੋਵੇਗਾ।


rajwinder kaur

Content Editor

Related News