ਦੋਵੇਂ ਪੱਟਾਂ 'ਤੇ ਗੋਲੀਆਂ ਖਾਣ ਵਾਲੇ ਅਜੀਤ ਸਿੰਘ ਨੇ SIT ਨੂੰ ਦਰਜ ਕਰਵਾਏ ਬਿਆਨ (ਵੀਡੀਓ)

12/25/2018 4:36:32 PM

ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲੀ ਕਾਂਡ ਦੇ ਮੁੱਖ ਗਵਾਹ ਅਜੀਤ ਸਿੰਘ ਨੇ ਮੰਗਲਵਾਰ ਨੂੰ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਦੱਸ ਦੇਈਏ ਕਿ ਕੋਟਕਪੂਰਾ ਗੋਲੀ ਕਾਂਡ 'ਚ ਦੋਵੇਂ ਪੱਟਾਂ 'ਤੇ ਗੋਲੀਆਂ ਖਾਣ ਵਾਲਾ ਅਜੀਤ ਸਿੰਘ ਪੁੱਤਰ ਅਵਤਾਰ ਸਿੰਘ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਦਾ ਰਹਿਣ ਵਾਲਾ ਹੈ। ਪੰਜਾਬ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਪੁਲਸ ਨੇ 7 ਅਗਸਤ 2018 ਨੂੰ ਹੀ ਥਾਣਾ ਕੋਟਕਪੂਰਾ 'ਚ ਅਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਕਤਲ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਦਿੱਤਾ ਸੀ, ਜਿਸ ਦੀ ਜਾਂਚ ਐੱਸ. ਆਈ. ਟੀ ਵਲੋਂ ਕੀਤੀ ਜਾ ਰਹੀ ਹੈ।

ਐੱਸ.ਆਈ.ਟੀ. ਦੇ ਮੈਂਬਰ ਅਤੇ ਆਈ.ਜੀ. ਕੁੰਵਰ ਪ੍ਰਤਾਪ ਸਿੰਘ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਅਤੇ ਸੰਗਤਾਂ ਨਾਲ ਬਰਗਾੜੀ ਬੇਅਦਬੀ ਮਾਮਲੇ ਦੇ ਵਿਰੋਧ 'ਚ ਕੋਟਕਪੂਰਾ ਦੇ ਚੌਕ 'ਚ ਚੱਲ ਰਹੇ ਰੋਸ ਧਰਨੇ 'ਚ ਸ਼ਾਮਲ ਹੋਣ ਲਈ ਆਇਆ ਸੀ। ਉਸ ਤੋਂ ਅਗਲੇ ਦਿਨ ਸਰਕਾਰ ਦੇ ਹੁਕਮਾਂ 'ਤੇ ਪੁਲਸ ਨੇ ਧਰਨੇ 'ਤੇ ਬੈਠੀ ਸੰਗਤ 'ਤੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਕਰ ਦਿੱਤੀਆਂ। ਪੁਲਸ ਅਧਿਕਾਰੀਆਂ ਵਲੋਂ ਕੀਤੀ ਫਾਇਰਿੰਗ ਕਾਰਨ ਇਕ ਗੋਲੀ ਉਸ ਦੇ ਪੱਟ ਨੂੰ ਚੀਰਦੀ ਹੋਈ ਨਿਕਲ ਗਈ ਅਤੇ ਦੂਜੀ ਉਸ ਦੇ ਪੱਟ ਦੇ ਅੰਦਰ ਵੜ ਗਈ। ਗੰਭੀਰ ਤੌਰ 'ਤੇ ਜ਼ਖਮੀ ਹੋਣ ਕਾਰਨ ਉਸ ਨੂੰ ਇਲਾਜ ਲਈ ਕੋਟਕਪੂਰਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਕਈ ਮਹੀਨਿਆਂ ਤੱਕ ਉਸ ਦਾ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਇਲਾਜ ਚਲਦਾ ਰਿਹਾ, ਜਿਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਖਮੀ ਅਜੀਤ ਸਿੰਘ ਦਾ ਇਲਾਜ ਕਰਨ ਵਾਲੇ ਤਿੰਨੇ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਤਲਬ ਕਰ ਲਿਆ ਗਿਆ ਹੈ।

 


rajwinder kaur

Content Editor

Related News