ਤਿੰਨ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਭਵਾਲੀ ਦੀ ਬਦਲੇਗੀ ਨੁਹਾਰ

10/14/2019 2:59:39 PM

ਫਰੀਦਕੋਟ (ਜਗਤਾਰ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 3 ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਫਰੀਦਕੋਟ ਜ਼ਿਲੇ ਦੇ ਸਬ ਡਵੀਜਨ ਜੈਤੋ ਅਧੀਨ ਪੈਂਦੇ ਥਾਣਾ ਬਾਜਾਖਾਨਾ ਦੇ ਪਿੰਡ ਲੰਭਵਾਲੀ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਪੈਕੇਜ ਦੇ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਲਈ 1-1 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ, ਜਿਸ ਨਾਲ ਗਲੀਆਂ 'ਚ ਲਾਕ ਟਾਈਲਾਂ ਲਗਵਾਈਆਂ ਜਾ ਰਹੀਆਂ ਹਨ, ਦੀਵਾਰਾਂ ਦਾ ਸੁੰਦਰੀਕਰਨ ਕੀਤਾ ਜਾ ਰਿਹੈ, ਗੁਰਦੁਆਰਾ ਸਾਹਿਬ ਦੇ ਸਰੋਵਰ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਸਭ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਵਾਲੀਬਾਲ ਗਰਾਊਡ ਵੀ ਬਣਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਚੱਲ ਰਹੇ ਵਿਕਾਸ ਕਾਰਜਾਂ 'ਚ ਪੰਚਾਇਤ ਦੇ ਨਾਲ-ਨਾਲ ਆਮ ਲੋਕ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।

PunjabKesari

ਦੱਸ ਦੇਈਏ ਕਿ ਗੁਰਦੁਆਰਾ ਅਕਾਲਗੜ੍ਹ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਜਿੰਮਾ ਇਨੀਂ ਦਿਨੀਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਕੋਲ ਹੈ। ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਗੁਰਦੁਆਰੇ ਸਾਹਿਬ ਦੇ ਇਤਿਹਾਸ ਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਭਾਈ ਬੂਟਾ ਸਿੰਘ ਨੇ ਦੱਸਿਆ ਕਿ ਇਸ ਸਥਾਨ ਨੂੰ 3 ਸਿੱਖ ਗੁਰੂ ਸਾਹਿਬਾਨ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਹੈ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਮਰਦਾਨੇ ਸਣੇ ਇਸ ਅਸਥਾਨ 'ਤੇ ਆਏ ਸਨ ਤਾਂ ਇਥੇ ਇਕ ਟਿੱਬੇ 'ਤੇ ਕਿਸੇ ਸੰਤ ਦਾ ਡੇਰਾ ਸੀ, ਜਿਸ ਨੇ ਆਪਣਾ ਸਰੀਰ ਭਾਰੀ ਹੋਣ ਦੇ ਚਲਦੇ ਮਰਦਾਨੇ ਨੂੰ ਪਾਣੀ ਪਿਲਾਉਣ ਤੋਂ ਮਨ੍ਹਾ ਕੀਤਾ ਸੀ। ਗੁਰੂ ਜੀ ਨੇ ਉਸ ਨੂੰ ਸਰਾਰਲ (ਸੱਪ) ਬਣਨ ਦਾ ਵਚਨ ਕੀਤਾ ਸੀ, ਜਿਸ ਦਾ ਉਦਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ 'ਤੇ ਆਏ ਤਾਂ ਉਨ੍ਹਾਂ ਨੇ ਇਥੇ ਜਿਸ ਦਰਖਤ ਨਾਲ ਆਪਣੇ ਘੋੜੇ ਨੂੰ ਬੰਨ੍ਹਿਆਂ ਸੀ, ਉਸ 'ਤੇ ਸੱਪ ਲਟਕ ਰਹੇ ਸਨ। ਲਟਕਦੇ ਸੱਪ ਦੇਖ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕਿ ਇਸ ਪਿਡ 'ਚ ਕਿਸੇ ਦਾ ਵੀ ਸੱਪ ਦੇ ਕੱਟਣ ਨਾਲ ਨੁਕਸਾਨ ਨਹੀਂ ਹੋਵੇਗਾ ਅਤੇ ਅੱਜ ਤੱਕ ਪਿੰਡ 'ਚ ਕਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ।ਸੇਵਾਦਾਰ ਬੂਟਾ ਸਿੰਘ ਨੇ ਕਿਹਾ ਕਿ ਪਿੰਡ ਦੀ ਮੌਜੂਦਾ ਅਤੇ ਸਾਬਕਾ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਬਹੁਤ ਖੁਸ਼ ਨਸੀਬ ਹਨ ਕਿ ਉਨ੍ਹਾਂ ਦੇ ਪਿੰਡ ਨੂੰ 3 ਸਿੱਖ ਗੁਰੂਆਂ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੇ ਵਿਕਾਸ ਕਰਜਾਂ ਲਈ ਜੋ ਗ੍ਰਾਂਟ ਦਿੱਤੀ ਗਈ ਹੈ, ਨਾਲ ਪਿੰਡ ਦੀ ਨੁਹਾਰ ਹੀ ਬਦਲ ਜਾਵੇਗੀ।


rajwinder kaur

Content Editor

Related News