ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਤੋਂ 100 ਦੇ ਕਰੀਬ ਸਾਈਨ ਬੋਰਡ ਚੋਰੀ
Friday, Nov 30, 2018 - 10:17 AM (IST)

ਫ਼ਰੀਦਕੋਟ (ਹਾਲੀ) : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਤੋਂ 100 ਦੇ ਕਰੀਬ ਸਾਈਨ ਬੋਰਡ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਲੂਮੀਨੀਅਮ ਸ਼ੀਟ ਨਾਲ ਬਣੇ ਇਨ੍ਹਾਂ ਸਾਈਨ ਬੋਰਡਾਂ 'ਚੋਂ ਕਈ ਬੋਰਡਾਂ ਦਾ ਕੁਝ ਹਿੱਸਾ ਚੋਰੀ ਕੀਤਾ ਗਿਆ ਅਤੇ ਕੁਝ ਬੋਰਡਾਂ 'ਚੋਂ ਸਾਰੀ ਦੀ ਸਾਰੀ ਸ਼ੀਟ ਹੀ ਚੋਰਾਂ ਵੱਲੋਂ ਉਤਾਰ ਲਈ ਗਈ। ਇਹ ਸ਼ੱਕ ਹੈ ਕਿ ਇਸ ਪਿੱਛੇ ਨੈਸ਼ਨਲ ਹਾਈਵੇ ਦੇ ਆਲੇ-ਦੁਆਲੇ ਵਾਲੇ ਪਿੰਡਾਂ ਦੇ ਨਸ਼ੇੜੀਆਂ ਦਾ ਹੱਥ ਹੈ।ਨੈਸ਼ਨਲ ਹਾਈਵੇ 'ਤੇ ਸਾਈਨ ਬੋਰਡ ਦੀ ਅਣਹੋਂਦ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਵਾਰ-ਵਾਰ ਕਿਸੇ ਕੋਲੋਂ ਰਸਤਾ ਪੁੱਛਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਜ਼ਿਆਦਾ ਪ੍ਰੇਸ਼ਾਨੀ ਨੈਸ਼ਨਲ ਹਾਈਵੇ ਤੋਂ ਨਿਕਲਣ ਵਾਲੀਆਂ ਲਿੰਕ ਸੜਕਾਂ 'ਤੇ ਹੁੰਦੀ ਹੈ। ਅੰਮ੍ਰਿਤਸਰ ਸਾਹਿਬ-ਬਠਿੰਡਾ ਨੈਸ਼ਨਲ ਹਾਈਵੇ ਵਿਚ ਤਿੰਨ ਰੇਲਵੇ ਓਵਰਬ੍ਰਿਜ, ਪੰਜ ਫਲਾਈਓਵਰ, ਤਿੰਨ ਵੱਡੇ ਪੁਲ, 53 ਛੋਟੇ ਪੁਲ, 45 ਸਰਵਿਸ ਲਾਈਨਾਂ, 31 ਪ੍ਰਮੁੱਖ ਜੰਕਸ਼ਨ ਅਤੇ 171 ਛੋਟੇ ਜੰਕਸ਼ਨ ਹਨ। ਇਨ੍ਹਾਂ ਸਾਰੇ ਛੋਟੇ ਜੰਕਸ਼ਨਾਂ ਦੇ ਨਾਲ ਇਸ ਸੜਕ 'ਤੇ ਹਰ ਕਿਸੇ ਲਈ ਸਾਈਨ ਬੋਰਡ ਦੀ ਲੋੜ ਜ਼ਿਆਦਾ ਹੈ।
ਕੁਝ ਦਿਨ ਪਹਿਲਾਂ ਹੀ ਠੀਕ ਕਰਵਾਏ ਗਏ ਸਨ ਬੋਰਡ
ਕੁਝ ਦਿਨ ਪਹਿਲਾਂ ਹੀ ਜੀ. ਆਰ. ਇਨਫਰਾ ਕੰਪਨੀ ਵੱਲੋਂ ਚੋਰੀ ਹੋਏ ਸਾਰੇ ਸਾਈਨ ਬੋਰਡ ਠੀਕ ਕਰਵਾਏ ਗਏ ਸਨ ਪਰ ਨਸ਼ੇੜੀਆਂ ਨੇ ਫਿਰ ਇਨ੍ਹਾਂ ਬੋਰਡਾਂ ਨੂੰ ਚੋਰੀ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਬੋਰਡਾਂ ਦੀ ਮੁਰੰਮਤ ਕਰਵਾਏ ਜਾਣ ਤੋਂ ਬਾਅਦ ਕਈ ਬੋਰਡਾਂ ਦੇ ਨਾਂ ਠੀਕ ਢੰਗ ਨਾਲ ਨਹੀਂ ਪੜ੍ਹੇ ਜਾ ਰਹੇ ਹਨ, ਜਿਸ ਕਰ ਕੇ ਹੋਰ ਸੂਬਿਆਂ ਤੋਂ ਆਉਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਕਾਰਜਕਾਰੀ ਇੰਜੀਨੀਅਰ ਆਦੇਸ਼ ਗੁਪਤਾ ਨੇ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਸਾਈਨ ਬੋਰਡਾਂ ਨੂੰ ਕੁਝ ਲੋਕ ਨਸ਼ੇ ਲਈ ਚੋਰੀ ਰਹੇ ਹਨ ਪਰ ਇਸ ਇਨ੍ਹਾਂ ਬੋਰਡਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਰੋਡ ਦੀ ਉਸਾਰੀ ਅਤੇ ਨਿਗਰਾਨੀ ਕਰਨ ਵਾਲੀ ਉਦੇਪੁਰ ਦੀ ਜੀ. ਆਰ. ਇਨਫਰਾ ਕੰਪਨੀ ਦੀ ਹੈ। ਵੱਡੀ ਗਿਣਤੀ ਵਿਚ ਸਾਈਨ ਬੋਰਡ ਚੋਰੀ ਹੋਣ ਦੇ ਬਾਵਜੂਦ ਨਾ ਤਾਂ ਪੀ. ਡਬਲਯੂ. ਡੀ. ਅਤੇ ਨਾ ਹੀ ਜੀ. ਆਰ. ਇਨਫਰਾ ਕੰਪਨੀ ਨੇ ਪੁਲਸ ਨੂੰ ਕੋਈ ਸ਼ਿਕਾਇਤ ਦਰਜ ਕਰਵਾਈ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਪੁਲਸ ਦੇ ਕੋਲ ਮੁਕੱਦਮੇਬਾਜ਼ੀ ਵਿਚ ਨਹੀਂ ਉਲਝਣਾ ਚਾਹੁੰਦੇ ਅਤੇ ਵਾਹਨ ਚਾਲਕਾਂ ਨੂੰ ਠੀਕ ਰਸਤੇ ਵਿਖਾਉਣ ਲਈ ਚੋਰੀ ਹੋਣ ਦੀ ਸੂਰਤ ਵਿਚ ਨਵੇਂ ਸਾਈਨ ਬੋਰਡ ਲਾ ਦਿੱਤੇ ਜਾਂਦੇ ਹਨ।