ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ''ਚ ਮੁਹੰਮਦ ਸਦੀਕ ਨੇ ਅਜੇ ਤੱਕ ਨਹੀਂ ਪਾਏ ਪੈਰ
Saturday, May 04, 2019 - 11:05 AM (IST)
![ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ''ਚ ਮੁਹੰਮਦ ਸਦੀਕ ਨੇ ਅਜੇ ਤੱਕ ਨਹੀਂ ਪਾਏ ਪੈਰ](https://static.jagbani.com/multimedia/2019_5image_11_05_308031546untitled.jpg)
ਰਾਮਪੁਰਾ ਫੂਲ (ਵੈੱਬ ਡੈਸਕ) : ਫਰੀਦਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਪ੍ਰਤੀ ਰਾਮਪੂਰਾ ਫੂਲ ਦੇ ਨਾਲ ਲੱਗਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਾਸੀਆਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁਹੰਮਦ ਸਦੀਕ ਨੇ ਇਸ ਵੱਡੀ ਗਿਣਤੀ ਵਾਲੇ ਪਿੰਡ ਵੱਲ ਅਜੇ ਤੱਕ ਪੈਰ ਨਹੀਂ ਪਾਏ ਹਨ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿਰਾਜ ਵਿਚ ਰੋਡ ਸ਼ੋਅ ਵੀ ਕੱਢਿਆ ਜਾ ਚੁੱਕਾ ਹੈ। ਇੱਥੋਂ ਤੱਕ ਕਿ ਇਸ ਵਾਰ ਮਹਿਰਾਜ ਦੇ ਬਨੇਰਿਆਂ 'ਤੇ ਅਕਾਲੀ ਦਲ ਦੀਆਂ ਝੰਡੀਆਂ ਨਜ਼ਰੀ ਪੈ ਰਹੀਆਂ ਹਨ। ਦੱਸਣਯੋਗ ਹੈ ਕਿ ਰਾਮਪੂਰਾ ਫੂਲ ਇਸ ਵੇਲੇ ਫਰੀਦਕੋਟ ਲੋਕ ਸਭਾ ਹਲਕੇ ਵਿਚ ਪੈਂਦਾ ਹੈ। ਕੈਪਟਨ ਸਰਕਾਰ ਨੇ ਪਿੰਡ ਮਹਿਰਾਜ ਦੀ ਸਾਰ ਨਹੀਂ ਲਈ, ਇਸ ਗੱਲ ਤੋਂ ਲੋਕ ਅੰਦਰੋਂ-ਅੰਦਰੀ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਪਿੰਡ ਮਹਿਰਾਜ ਤੋਂ ਕਾਂਗਰਸ ਪਾਰਟੀ ਨੇ ਹਮੇਸ਼ਾਂ ਲੀਡ ਲਈ ਹੈ।
ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਪਿੰਡ ਮਹਿਰਾਜ ਆਏ ਸਨ ਅਤੇ ਉਨ੍ਹਾਂ ਨੇ ਮਹਿਰਾਜ ਲਈ 28 ਕਰੌੜ ਦਾ ਵਿਕਾਸ ਪੈਕੇਜ ਐਲਾਨਿਆ ਸੀ ਪਰ ਇਹ ਪੈਕੇਜ ਚੋਣ ਜ਼ਾਬਤੇ ਦੀ ਭੇਟ ਚੜ ਚੁੱਕਾ ਹੈ। ਮਹਿਰਾਜ ਦੇ ਲੋਕਾਂ ਮੁਤਾਬਕ ਉਹ ਤਾਂ ਹਮੇਸ਼ਾਂ ਮਹਾਰਾਜੇ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਂਦੇ ਹਨ ਪਰ ਇਸ ਵਾਰ ਸਰਕਾਰ ਨੇ ਝੋਲੀ ਨਹੀਂ ਭਰੀ। ਭਾਵੇਂ ਲੋਕ ਹਾਲੇ ਵੀ ਅਮਰਿੰਦਰ ਸਿੰਘ ਨਾਲ ਖੜ੍ਹੇ ਹਨ ਪਰ ਚੋਣਾਂ ਪ੍ਰਤੀ ਉਤਸ਼ਾਹ ਨਹੀਂ ਦਿਖਾ ਰਹੇ।