ਫ਼ਰੀਦਕੋਟ ’ਚ ਵਧਿਆ ਡੇਂਗੂ ਦਾ ਕਹਿਰ, ਸਿਵਲ ਹਸਪਤਾਲ ਸਟਾਫ ਦੇ 4 ਮੈਂਬਰ ਡੇਂਗੂ ਪਾਜ਼ੇਟਿਵ
Thursday, Oct 28, 2021 - 10:28 AM (IST)
ਫ਼ਰੀਦਕੋਟ (ਚਾਵਲਾ): ਕੋਰੋਨਾ ਮਹਾਮਾਰੀ ਘਟਣ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹੇ ’ਚ ਆ ਰਹੇ ਮਰੀਜ਼ ਸਿਵਲ ਹਸਪਤਾਲ ਤੇ ਪ੍ਰਾਈਵੇਟ ਹਸਪਤਾਲ ’ਚ ਆਪਣਾ ਇਲਾਜ ਕਰਵਾਉਣ ਲਈ ਪੁੱਜ ਰਹੇ ਹਨ। ਅੱਜ ਸਿਵਲ ਹਸਪਤਾਲ ਦੇ ਭਾਈ ਘਨ੍ਹੱਈਆ ਐਮਰਜੈਂਸੀ ਵਾਰਡ ’ਚ 4 ਮਰੀਜ਼ ਦਾਖ਼ਲ ਹੋਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਊਟੀ ਹਾਜ਼ਰ ਸਟਾਫ ਨੇ ਦੱਸਿਆ ਕਿ ਇਹ ਚਾਰੇ ਕੇਸ ਸਿਵਲ ਹਸਪਤਾਲ ਦੇ ਸਟਾਫ ਦੇ ਹਨ, ਜੋ ਡੇਂਗੂ ਪੀੜਤ ਪਾਏ ਗਏ ਹਨ ਅਤੇ ਉਹ ਇਲਾਜ ਅਧੀਨ ਐਮਰਜੈਂਸੀ ’ਚ ਦਾਖ਼ਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਚੰਦਰ ਸੇਖ਼ਰ ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਫ਼ਰੀਦਕੋਟ ’ਚ 61, ਕੋਟਕਪੂਰਾ ’ਚ 205, ਜੈਤੋ 56, ਜੰਡਸਾਹਿਬ 8, ਬਾਜਾਖ਼ਾਨਾ ’ਚ 21 ਡੇਂਗੂ ਦੇ ਕੇਸ ਪ੍ਰਾਪਤ ਹੋਏ ਸਨ, ਜਿਨ੍ਹਾਂ ’ਚੋਂ ਫ਼ਰੀਦਕੋਟ 32, ਕੋਟਕਪੂਰਾ 127, ਜੈਤੋ 16, ਜੰਡਸਹਿਬ 2 ਅਤੇ ਬਾਜ਼ਾਖ਼ਾਨਾ 8 ਡੇਗੂ ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ, ਜਦ ਕਿ ਫ਼ਰੀਦਕੋਟ ’ਚ 28, ਕੋਟਕਪੂਰਾ ’ਚ 77, ਜੈਤੋ ’ਚ 39, ਜੰਡਸਾਹਬ 6 ਤੇ ਬਾਜਾਖ਼ਾਨਾ 12 ਡੇਂਗੂ ਕੇਸ ਐਕਟਿਵ ਹਨ। ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਨੇ ਬੀਤੇ ਦਿਨ ਦੀ ਰਿਪੋਰਟ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ’ਚ ਡੇਂਗੂ ਮਰੀਜ਼ਾਂ ਦੇ ਕੇਸ 351 ਪ੍ਰਾਪਤ ਹੋਏ ਸਨ, ਜਿਨ੍ਹਾਂ ’ਚੋਂ 185 ਮਰੀਜ਼ ਤੰਦਰੁਸਤ ਹੋ ਕੇ ਘਰ ਚਲੇ ਗਏ ਹਨ ਅਤੇ 162 ਡੇਂਗੂ ਐਕਟਿਵ ਕੇਸ ਹਨ ਅਤੇ 4 ਦੀ ਡੇਂਗੂ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।