ਅੱਤ ਦੀ ਗਰਮੀ ਵਿਚਾਲੇ ਪੰਜਾਬ ’ਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ
Tuesday, Jun 30, 2026 - 12:11 PM (IST)
ਪਟਿਆਲਾ (ਪਰਮੀਤ) : ਪੰਜਾਬ ਵਿਚ ਝੋਨੇ ਦੇ ਸੀਜ਼ਨ ਦੇ ਸਿਖ਼ਰਾਂ ਵੱਲ ਵਧਣ ਕਾਰਨ ਬਿਜਲੀ ਦੀ ਮੰਗ 17,000 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ ਹੈ। ਮੌਜੂਦਾ ਸੀਜ਼ਨ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ। ਸੋਮਵਾਰ ਸ਼ਾਮ ਤਕਰੀਬਨ ਪੌਣੇ 5 ਵਜੇ ਮੰਗ 17,147 ਮੈਗਾਵਾਟ ਦਰਜ ਕੀਤੀ ਗਈ ਜਦੋਂ ਕਿ ਪਿਛਲੇ ਸਾਲ 5 ਜੁਲਾਈ ਨੂੰ ਵੱਧ ਤੋਂ ਵੱਧ ਮੰਗ 17,300 ਮੈਗਾਵਾਟ ਦਰਜ ਕੀਤੀ ਗਈ ਸੀ। ਬਿਜਲੀ ਮਾਹਿਰਾਂ ਦੀ ਰਾਏ ਹੈ ਕਿ ਇਸ ਵਾਰ ਪੰਜਾਬ ਵਿਚ ਬਿਜਲੀ ਦੀ ਮੰਗ 18,000 ਮੈਗਾਵਾਟ ਦਾ ਅੰਕੜਾ ਪਾਰ ਕਰ ਜਾਵੇਗੀ। ਬਿਜਲੀ ਦੀ ਰਿਕਾਰਡ ਤੋੜ ਮੰਗ ਦਰਮਿਆਨ ਪੰਜਾਬ ਨੇ 17,147 ਮੈਗਾਵਾਟ ਦੀ ਮੰਗ ਪੂਰੀ ਕਰਨ ਵਾਲੇ ਕੇਂਦਰੀ ਪੂਲ ਵਿਚੋਂ ਬਿਜਲੀ ਓਵਰਡ੍ਰਾਅ ਕੀਤੀ। ਇਸ ਵੇਲੇ ਕੇਂਦਰੀ ਪੂਲ ਵਿਚੋਂ 10,594 ਮੈਗਾਵਾਟ ਬਿਜਲੀ ਸ਼ਡਿਊਲਡ ਸੀ, ਜਦੋਂ ਕਿ ਪੰਜਾਬ 11,359 ਮੈਗਾਵਾਟ ਬਿਜਲੀ ਡ੍ਰਾਅ ਕਰ ਰਿਹਾ ਸੀ। ਇਸ ਤਰੀਕੇ 765 ਮੈਗਾਵਾਟ ਬਿਜਲੀ ਓਵਰਡ੍ਰਾਅ ਕਰਕੇ ਮੰਗ ਪੂਰੀ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
ਬਿਜਲੀ ਕੱਟਾਂ ਕਾਰਨ ਹਾਹਾਕਾਰ
ਪੰਜਾਬ ’ਚ ਬਿਜਲੀ ਦੀ ਵਧੀ ਹੋਈ ਮੰਗ ਪੂਰੀ ਕਰਨ ’ਚ ਅਸਫਲ ਹੋਏ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਤਕਰੀਬਨ ਹਰ ਸ਼੍ਰੇਣੀ ਦੇ ਖ਼ਪਤਕਾਰਾਂ ਲਈ ਬਿਜਲੀ ਕੱਟ ਲਾਏ ਗਏ। ਸਭ ਤੋਂ ਵੱਧ ਪ੍ਰਭਾਵਿਤ ਖੇਤੀਬਾੜੀ ਖੇਤਰ ਹੋਇਆ, ਜਿਸ ਲਈ ਇਸ ਵੇਲੇ ਝੋਨੇ ਦਾ ਸੀਜ਼ਨ ਹੋਣ ਕਾਰਨ ਬਿਜਲੀ ਸਪਲਾਈ ਬੇਹੱਦ ਜ਼ਰੂਰੀ ਹੈ। ਪਾਵਰਕਾਮ ਨੇ ਦਿਨ ਵੇਲੇ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਖੇਤੀਬਾੜੀ ਖੇਤਰ ਲਈ 2 ਤੋਂ 4 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਇਸ ਕਾਰਨ ਕਿਸਾਨਾਂ ਵੱਲੋਂ ਪੰਜਾਬ ਭਰ ’ਚ ਵੱਖ-ਵੱਖ ਬਿਜਲੀ ਘਰਾਂ ਮੂਹਰੇ ਰੋਸ-ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਪਾਵਰਕਾਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਵਾਰ ਮੀਂਹ ਦੀ ਘਾਟ ਕਾਰਨ ਵੀ ਮੁਸ਼ਕਿਲਾਂ ਵਧੀਆਂ ਹਨ। ਮੌਸਮ ਵਿਭਾਗ ਮੁਤਾਬਕ ਇਸ ਵਾਰ ਭਰਪੂਰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਅਤੇ ਮੀਂਹ ਪੈਣੇ ਵੀ ਦੇਰੀ ਨਾਲ ਹਨ। ਇਸ ਕਾਰਨ ਖੇਤੀਬਾੜੀ ਖੇਤਰ ਲਈ ਬਹੁਤ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਰਹੀਆਂ ਹਨ। ਲਿਹਾਜ਼ਾ ਜੇਕਰ ਕੁਝ ਹੋਰ ਦਿਨ ਮੀਂਹ ਨਹੀਂ ਆਉਂਦਾ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਜਿਸ ਦੇ ਚੱਲਦੇ ਬਿਜਲੀ ਕੱਟਾਂ ਵਿਚ ਵਾਧਾ ਹੋਣਾ ਵੀ ਸੁਭਾਵਕ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ 'ਚ ਵਾਧੇ ਬਾਰੇ ਵੱਡੀ ਅਪਡਟੇ, ਪੜ੍ਹੋ ਪੂਰੀ ਖਬਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
