ਚੰਡੀਗੜ੍ਹ ਨੂੰ ਆਉਣ ਵਾਲੇ ਦਿਨਾਂ ''ਚ ਮਿਲੇਗਾ ''ਵਾਧੂ ਪਾਣੀ''

Thursday, Aug 08, 2019 - 01:42 PM (IST)

ਚੰਡੀਗੜ੍ਹ ਨੂੰ ਆਉਣ ਵਾਲੇ ਦਿਨਾਂ ''ਚ ਮਿਲੇਗਾ ''ਵਾਧੂ ਪਾਣੀ''

ਚੰਡੀਗੜ੍ਹ (ਰਾਏ) : ਸ਼ਹਿਰ ਨੂੰ ਆਉਣ ਵਾਲੇ ਕੁਝ ਦਿਨਾਂ 'ਚ ਕਜੌਲੀ ਵਾਟਰ ਵਰਕਸ ਦੇ ਫੇਜ਼-5 ਅਤੇ 6 ਤੋਂ ਵਾਧੂ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਭਰੋਸਾ ਬੁੱਧਵਾਰ ਨੂੰ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਅਤੇ ਨਿਗਮ ਕਮਿਸ਼ਨਰ ਕੇ. ਕੇ. ਯਾਦਵ ਨੇ ਇਸ ਸਬੰਧੀ ਜੰਡਪੁਰ 'ਚ ਪੰਪਿੰਗ ਸਟੇਸ਼ਨ 'ਚ ਚੱਲ ਰਹੇ ਕੰਮ ਦੀ ਸਮੀਖਿਆ ਕਰਨ ਤੋਂ ਬਾਅਦ ਕੀਤਾ। ਜੰਡਪੁਰ ਦੇ ਦੌਰੇ 'ਤੇ ਮੇਅਰ ਅਤੇ ਨਿਗਮ ਕਮਿਸ਼ਨਰ ਨਾਲ ਨਿਗਮ ਦੇ ਮੁੱਖ ਇੰਜੀਨੀਅਰ ਮਨੋਜ ਬਾਂਸਲ, ਐੱਸ. ਈ. ਸ਼ੈਲੇਂਦਰ ਸਿੰਘ ਅਤੇ ਨਿਗਮ ਦੇ ਹੋਰ ਸਬੰਧਿਤ ਅਧਿਕਾਰੀ ਵੀ ਗਏ।
ਮੁੱਖ ਇੰਜੀਨੀਅਰ ਨੇ ਮੇਅਰ ਅਤੇ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਕਿ ਜਲ ਸਪਲਾਈ ਯੋਜਨਾ ਪੜਾਅ 5 ਅਤੇ 6 ਦੇ ਤਹਿਕ ਕਜੌਲੀ ਤੋਂ ਚੰਡੀਗੜ੍ਹ 'ਚ ਵਾਧੂ 29 ਐੱਮ. ਜੀ. ਡੀ. ਰਾਅ ਪਾਣੀ ਲਿਆਉਣ ਦਾ ਕੰਮ ਹੁਣ ਪੂਰਾ ਹੋਣ ਵਾਲਾ ਹੈ। ਕਜੌਲੀ ਤੋਂ ਜੰਡਪੁਰ ਤੱਕ ਰਾਅ ਪਾਣੀ ਨੂੰ ਪੰਪ ਕਰਨ ਦਾ ਕੰਮ ਗਮਾਡਾ ਵਲੋਂ ਕੀਤਾ ਗਿਆ ਹੈ, ਜਿਸ ਲਈ ਚੰਡੀਗੜ੍ਹ ਨਿਗਮ ਨੇ ਉਨ੍ਹਾਂ ਨੂੰ 98 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ।
ਉਨ੍ਹਾਂ ਦੱਸਿਆ ਕਿ ਸੈਕਟਰ-39 ਦੇ ਵਾਟਰ ਵਰਕਸ ਤੱਕ ਜੰਡਪੁਰ (ਪੰਜਾਬ) ਤੋਂ ਕੱਚੇ ਪਾਣੀ ਨੂੰ ਪੰਪ ਕਰਨ ਦਾ ਕੰਮ ਚੰਡੀਗੜ੍ਹ ਨਗਰ ਨਿਗਮ ਨੂੰ ਕਰਨਾ ਹੈ ਅਤੇ ਇਸ ਦੀ ਅਨੁਮਾਨਤ ਲਾਗਤ 89 ਕਰੋੜ ਰੁਪਏ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਰੇਲਵੇ ਵਲੋਂ ਮਹਿਰੌਲੀ ਕੋਲ ਰੇਲਵੇ ਟਰੈਕ ਦੇ ਹੇਠਾਂ ਨੁਕਸਦਾਰ ਪਾਈਪ ਲਾਈਨ ਦੀ ਮੁਰੰਮਤ ਕਰਨ ਅਤੇ ਉਸ ਦੀ ਪ੍ਰੀਖਿਆ ਤੋਂ ਬਾਅਦ ਗਮਾਡਾ ਵਲੋਂ ਪੰਪਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਿਛਲੇ ਹਫਤੇ ਕਜੌਲੀ ਵਾਟਰ ਵਰਕਸ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪਾਣੀ 8 ਅਗਸਤ ਤੋਂ ਜੰਡਪੁਰ ਪੰਪ ਹਾਊਸ 'ਚ ਟੈਂਕੀ ਤੱਕ ਪਹੁੰਚ ਜਾਵੇਗਾ। ਪੰਪਿੰਗ ਮਸ਼ੀਨਰੀ ਦੇ ਕੰਮ ਦੀ ਜਾਂਚ ਅਤੇ ਪੁਨਰ ਨਿਰਧਾਰਣ ਅਤੇ ਜੰਡਪੁਰ 'ਚ ਕੱਚੇ ਪਾਣੀ ਦੇ ਆਉਣ ਨਾਲ ਪਹਿਲਾਂ ਟੈਂਕੀ ਨੂੰ ਸਾਫ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਅਤੇ 2-3 ਦਿਨਾਂ 'ਚ ਪਾਣੀ ਉੱਥੇ ਪੁੱਜਣ ਦੀ ਉਮੀਦ ਹੈ।


author

Babita

Content Editor

Related News