ਗੈਸ ਪਾਈਪ ਲਾਈਨ ’ਚ ਲੀਕੇਜ਼ ਕਾਰਨ ਹੋਇਆ ਜ਼ਬਰਦਸਤ ਧਮਾਕਾ
Wednesday, Oct 30, 2024 - 02:21 AM (IST)
ਬਠਿੰਡਾ (ਵਰਮਾ) - ਬੀਤੀ ਰਾਤ ਸ਼ਹਿਰ ਦੇ ਮੱਧ ਵਿਚ ਗਣੇਸ਼ਾ ਬਸਤੀ ਬੱਸ ਸਟੈਂਡ ਨੇੜੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਗੁਜਰਾਤ ਗੈਸ ਪਾਈਪ ਲਾਈਨ ’ਚ ਲੀਕੇਜ਼ ਹੋਣ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਉਕਤ ਘਟਨਾ ਰਾਤ ਕਰੀਬ 9 ਵਜੇ ਵਾਪਰੀ, ਜਿਸ ਕਾਰਨ ਇਲਾਕੇ ’ਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ’ਚ ਦਹਿਸ਼ਤ ਫੈਲ ਗਈ।
ਦੇਖਣ ਵਾਲਿਆਂ ਮੁਤਾਬਕ ਪਾਈਪ ਲਾਈਨ ’ਚੋਂ ਅਚਾਨਕ ਗੈਸ ਦਾ ਧੂੰਆਂ ਉੱਠਦਾ ਦੇਖਿਆ ਗਿਆ, ਜਿਸ ਦੇ ਤੁਰੰਤ ਬਾਅਦ ਧਮਾਕਾ ਹੋ ਗਿਆ। ਪਰ ਇਸ ਘਟਨਾ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਧਮਾਕੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਏਜੰਸੀਆਂ ਨੂੰ ਸੂਚਨਾ ਦਿੱਤੀ। ਇਸ ਦੌਰਾਨ ਤੁਰੰਤ ਗੈਸ ਸਪਲਾਈ ਬੰਦ ਕਰ ਕੇ ਸਥਿਤੀ ਨੂੰ ਜਲਦੀ ਹੀ ਕਾਬੂ ’ਚ ਕਰ ਲਿਆ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਵਧ ਰਹੇ ਧੂੰਏਂ ’ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ ਅਧਿਕਾਰੀਆਂ ਦੀ ਤੁਰੰਤ ਕਾਰਵਾਈ ਕਾਰਨ ਸਥਿਤੀ ਆਮ ਵਾਂਗ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਕਿਸੇ ਵੀ ਅਣਸੁਖਾਵੀਂ ਸਥਿਤੀ ’ਚ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਾਈਪ ਲਾਈਨ ’ਚ ਲੀਕੇਜ਼ ਕਿਵੇਂ ਹੋਈ ਅਤੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਕੀ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ।