ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ’ਚ ਫੜ੍ਹੇ ਬ੍ਰਾਡੇਡ ਸ਼ਰਾਬ ਦੇ 2150 ਡੱਬੇ, ਕੀਤੇ ਅਹਿਮ ਖੁਲਾਸੇ

Thursday, Dec 16, 2021 - 11:28 AM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਜ਼ਿਲ੍ਹੇ ’ਚ ਬਿਨਾਂ ਹੋਲੋਗ੍ਰਾਮ ਤੋਂ ਸਮੱਗਲ ਕੀਤੀ ਜਾਣ ਵਾਲੀ ਇੰਪੋਰਟੇਡ ਸਕਾਚ ਵੇਚਣ ਵਾਲੇ ਇਕ ਸੰਗਠਿਤ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ 2150 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਹ ਸ਼ਰਾਬ ਅੰਮ੍ਰਿਤਸਰ ’ਚ ਸਥਿਤ ਦੋ ਗਦਾਮਾਂ ’ਚ ਛਾਪੇਮਾਰੀ ਕਰਕੇ ਬਰਾਮਦ ਕੀਤੀ ਗਈ ਹੈ। ਸ਼ਰਾਬ ਦੀਆਂ ਬੋਤਲਾ ’ਤੇ ਜਾਂ ਤਾਂ ਹੌਲਮਾਰਕ ਹੈ ਹੀ ਨਹੀਂ ਜਾਂ ਫਿਰ ਚੰਡੀਗੜ੍ਹ ਦੇ ਹੌਲਮਾਰਕ ਮਿਲੇ। ਵਿਭਾਗ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਸਮੱਗਲ ਕਰਕੇ ਵੇਚੀ ਜਾ ਰਹੀ ਸ਼ਰਾਬ ਕਾਰਣ ਪੰਜਾਬ ਨੂੰ ਮਾਲੀਆ ਦੇ ਰੂਪ ’ਚ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਸੂਬਾ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਇਕ ਵਾਰ ਫਿਰ ਤੋਂ ਪੰਜਾਬ ’ਚ ਬਿਨ੍ਹਾਂ ਡਿਊਟੀ ਭੁਗਤਾਨ ਵਾਲੀ ਸ਼ਰਾਬ ਦੀ ਸਮੱਗਲਿੰਗ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ’ਤੇ ਸ਼ਿਕੰਜਾ ਕਸਿਆ ਹੈ। ਇਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਆਬਕਾਰੀ ਡਿਊਟੀ ਅਤੇ ਟੈਕਸ ਦੀ ਉਲੰਘਣਾ ਕਰਦਿਆਂ ਅੰਮ੍ਰਿਤਸਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸਮੱਗਲਿੰਗ ਅਤੇ ਬਿਨਾਂ ਡਿਊਟੀ ਭੁਗਤਾਨ ਵਾਲੀ ਮਹਿੰਗੀ ਇੰਪੋਰਟੇਡ ਬ੍ਰਾਂਡ ਦੀ ਸਕਾਚ ਅਤੇ ਇੰਪੋਰਟਡ ਬੀਅਰ ਵੇਚਣ ਦਾ ਧੰਦਾ ਕਰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਕਾਂਸਟੇਬਲ ਭਰਤੀ ਦੌਰਾਨ ਨੌਜਵਾਨਾਂ ਵੱਲੋਂ ਹੇਰਾਫੇਰੀ, ਬਾਇਓਮੀਟ੍ਰਿਕ ਸਿਸਟਮ ਨੇ ਖੋਲ੍ਹੀ ਪੋਲ 

PunjabKesari

ਬਣਾਏ ਹੋਏ ਸਨ ਨਜਾਇਜ਼ ਗੋਦਾਮ
ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਹਰਕਤ ’ਚ ਆਈ ਅਤੇ ਇਸ ਕਾਰੋਬਾਰ ’ਚ ਸ਼ਾਮਲ ਸ਼ੱਕੀ ਵਿਅਕਤੀਆਂ ਦੀ ਰੇਕੀ ਕੀਤੀ। ਇਹ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਅੰਮ੍ਰਿਤਸਰ ਵਿੱਚ ਦੋ ਗੈਰ-ਕਾਨੂੰਨੀ ਗੋਦਾਮ ਬਣਾਏ ਹੋਏ ਹਨ, ਜਿੱਥੇ ਵੱਡੀ ਮਾਤਰਾ ਵਿੱਚ ਮਹਿੰਗੀ ਇੰਪੋਰਟੇਡ ਸ਼ਰਾਬ ਗੈਰ-ਕਾਨੂੰਨੀ ਢੰਗ ਨਾਲ ਸਟੋਰ ਕੀਤੀ ਜਾਂਦੀ ਹੈ। 9/10 ਦਸੰਬਰ, 2021 ਦੀ ਵਿਚਕਾਰਲੀ ਰਾਤ ਨੂੰ ਟੀਮਾਂ ਨੇ ਦੋ ਗੈਰ-ਕਾਨੂੰਨੀ ਗੋਦਾਮਾਂ ਦੇ ਟਿਕਾਣੇ ਦੀ ਪਛਾਣ ਕੀਤੀ ਜਿਨ੍ਹਾਂ ‘ਤੇ ਛਾਪੇਮਾਰੀ ਕੀਤੀ ਗਈ। ਦਾਣਾ ਮੰਡੀ ਰੋਡ, ਭਗਤਾਂਵਾਲਾ ਵਿਖੇ ਸਥਿਤ ਗੋਦਾਮ ’ਤੇ ਛਾਪਾ ਮਾਰਿਆ ਗਿਆ ਅਤੇ ਲਗਭਗ 1397 ਡੱਬੇ (ਇਕ ਡੱਬੇ ’ਚ 12 ਬੋਤਲਾਂ ਔਸਤਨ) ਆਈ.ਐੱਮ.ਐੱਫ਼.ਐੱਲ., ਸਕਾਚਸ ਅਤੇ ਇੰਪੋਰਟੇਡ ਬੀਅਰ ਬਰਾਮਦ ਕੀਤੀ ਗਈ। ਛਾਪੇਮਾਰੀ ਦੌਰਾਨ ਬਿਨਾਂ ਹੋਲੋਗ੍ਰਾਮ ਤੋਂ ਵੱਡੀ ਮਾਤਰਾ ਵਿਚ ਸਰਾਬ ਬਰਾਮਦ ਹੋਈ। ਇਹਨਾਂ ਗੋਦਾਮਾਂ ਤੋਂ ਚੰਡੀਗੜ੍ਹ ਦੇ ਹੋਲੋਗ੍ਰਾਮ ਵਾਲੀ ਚੰਡੀਗੜ੍ਹ ਤੋਂ ਸਮੱਗਲ ਕੀਤੀ ਸ਼ਰਾਬ ਵੀ ਬਰਾਮਦ ਹੋਈ ਹੈ। ਕੁਝ ਮਾਮਲਿਆਂ ’ਚ ਚੰਡੀਗੜ੍ਹ ਦੇ ਹੋਲੋਗ੍ਰਾਮ ’ਤੇ ਪੰਜਾਬ ਰਾਜ ਦੇ ਹੋਲੋਗ੍ਰਾਮ ਚਿਪਕਾਏ ਹੋਏ ਪਾਏ ਗਏ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮ ਚੰਡੀਗੜ੍ਹ ਤੋਂ ਸ਼ਰਾਬ ਦੀ ਸਮੱਗਲਿੰਗ ਵੀ ਕਰਦੇ ਸਨ ਅਤੇ ਪੰਜਾਬ ਰਾਜ ਦੀ ਡਿਊਟੀ ਅਦਾ ਕੀਤੀ ਸ਼ਰਾਬ ਵਰਗਾ ਦਿਖਣ ਲਈ ਇਸ ’ਤੇ ਪੰਜਾਬ ਦਾ ਹੋਲੋਗ੍ਰਾਮ ਚਿਪਕਾਉਣ ਦੀ ਕੋਸ਼ਿਸ਼ ਕਰਦੇ ਸਨ।

PunjabKesari

ਇਹ ਸਰਾਬ ਕਥਿਤ ਤੌਰ ’ਤੇ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਜਾਂ ਮੈਰਿਜ ਪੈਲੇਸਾਂ ਅਤੇ ਬਾਰਾਂ ਨੂੰ ਵੇਚੀ ਜਾ ਰਹੀ ਸੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੁੰਦਾ ਸੀ। ਐਕਸਾਈਜ਼ ਕਮਿਸ਼ਨਰ ਨੇ ਦੱਸਿਆ ਕਿ ਗੋਦਾਮਾਂ ਦਾ ਜਾਇਜ਼ਾ ਲੈਣ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਕਈ ਟੀਮਾਂ ਬੁਲਾਈਆਂ ਗਈਆਂ ਅਤੇ ਟੀਮਾਂ ਵਲੋਂ ਬਰਾਮਦ ਸਟਾਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੋਵਾਂ ਗੋਦਾਮਾਂ ’ਤੇ ਦਿਨ ਭਰ ਦੀ ਚੈਕਿੰਗ ਅਤੇ ਸਟਾਕ ਦੀ ਪੜਤਾਲ ਤੋਂ ਬਾਅਦ ਐਫ.ਆਈ.ਆਰ. ਥਾਣਾ ਗੇਟ ਹਕੀਮਾ, ਪੁਲਸ ਕਮਿਸ਼ਨਰੇਟ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਅਤੇ ਇਕ ਹੋਰ ਐੱਫ਼.ਆਈ.ਆਰ. ਥਾਣਾ ਕੰਬੋਜ, ਅੰਮ੍ਰਿਤਸਰ ਦਿਹਾਤੀ ਵਿਖੇ ਦਰਜ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

ਸ਼ਹਿਰ ਦੇ ਬਾਰਾਂ ’ਚ ਵੀ ਮਿਲੀ ਸਮੱਗਲ ਕੀਤੀ ਸ਼ਰਾਬ 
ਐਕਸਾਈਜ਼ ਕਮਿਸ਼ਨਰ ਰਜਤ ਅਗਰਵਾਲ ਮੁਤਾਬਿਕ 10 ਦਸੰਬਰ, 2021 ਨੂੰ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਗੈਰ-ਕਾਨੂੰਨੀ ਗੋਦਾਮਾਂ ਦੇ ਨੇੜਲੇ ਖੇਤਰਾਂ ’ਚ ਬਾਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਤਿੰਨ ਬਾਰਾਂ ਦੇ ਨਾਂ ਕਲੱਬ ਹਾਊਸ ਐੱਲ. 4, ਐੱਲ 5 ਏਅਰਪੋਰਟ ਰੋਡ ਅੰਮ੍ਰਿਤਸਰ, ਐਲਗਿਨ ਕੈਫੇ ਐੱਲ 4, ਐੱਲ 5 ਏਅਰਪੋਰਟ ਰੋਡ ਅੰਮ੍ਰਿਤਸਰ ਅਤੇ ਬੋਨ ਅੱਡਾ ਐੱਲ 4, ਐੱਲ 5 ਏਅਰਪੋਰਟ ਰੋਡ ਅੰਮ੍ਰਿਤਸਰ ਹਨ। ਇਨ੍ਹਾਂ ਬਾਰਾਂ ’ਚੋਂ ਇੰਪੋਰਟਡ ਸ਼ਰਾਬ ਦਾ ਸਟਾਕ ਬਰਾਮਦ ਕੀਤਾ ਗਿਆ। ਬਾਰਾਂ ’ਚ ਕੁਝ ਸਟਾਕ ਹੋਲੋਗ੍ਰਾਮ ਤੋਂ ਬਿਨਾਂ ਸੀ ਅਤੇ ਇਕ ਬਾਰ ’ਚ ਚੰਡੀਗੜ੍ਹ ਤੋਂ ਸਮੱਗਲ ਕੀਤੀ ਸ਼ਰਾਬ ਦਾ ਕੁਝ ਸਟਾਕ ਵੀ ਮਿਲਿਆ। ਇਨ੍ਹਾਂ ਤਿੰਨੋਂ ਬਾਰਾਂ ਖਿਲਾਫ਼ ਥਾਣਾ ਏਅਰਪੋਰਟ, ਅੰਮ੍ਰਿਤਸਰ ਵਿਖੇ ਐੱਫ਼. ਆਈ. ਆਰ. ਦਰਜ ਕੀਤਾ ਗਿਆ ਹੈ। ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਸ਼ਰਾਬ ਦੀ ਸਮੱਗਲਿੰਗ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਦੇ ਸਬੰਧ ’ਚ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਜਾਰੀ ਰੱਖੇਗਾ। ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮੱਗਲਿੰਗ ਦੀ ਸ਼ਰਾਬ ਦੇ ਮੁੱਖ ਸਪਲਾਇਰਾਂ ਅਤੇ ਪ੍ਰਾਪਤ ਕਰਤਾ ਦਾ ਪਤਾ ਲਗਾਉਣ ਲਈ ਸੰਪਰਕਾਂ ਦੀ ਪੂਰੀ ਲੜੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਰੀ ਰਹੇਗਾ ਆਪ੍ਰੇਸ਼ਨ 
ਐਕਸਾਈਜ਼ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਆਬਕਾਰੀ ਵਿਭਾਗ ਆਪਰੇਸਨ ਰੈੱਡ ਰੋਜ਼ ਅਧੀਨ ਪੁਲਸ ਨਾਲ ਨੇੜਿਓਂ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਆਪ੍ਰੇਸ਼ਨ ਰੈੱਡ ਰੋਜ ਅਧੀਨ 17 ਮਈ, 2020 ਤੋਂ 11 ਦਸੰਬਰ, 2021 ਤੱਕ 19784 ਐੱਫ਼. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ, ਜਿਸ ’ਚ 19689 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 332693 ਲੀਟਰ ਨਜਾਇਜ ਸ਼ਰਾਬ, 868517 ਲੀਟਰ ਨਜਾਇਜ ਸ਼ਰਾਬ, 2170883 ਕਿੱਲੋ ਲਾਹਣ ਬਰਾਮਦ ਕੀਤਾ ਗਿਆ ਅਤੇ 900 ਚਾਲੂ ਭੱਠੀਆਂ ਦਾ ਪਤਾ ਲਗਾਇਆ ਗਿਆ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News