5ਵੀਂ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਵਿਭਾਗ ਉਪਲੱਬਧ ਕਰਵਾਏਗਾ ਅਭਿਆਸ ਪੇਪਰ

Tuesday, Apr 07, 2020 - 09:32 PM (IST)

5ਵੀਂ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਸਿੱਖਿਆ ਵਿਭਾਗ ਉਪਲੱਬਧ ਕਰਵਾਏਗਾ ਅਭਿਆਸ ਪੇਪਰ

ਲੁਧਿਆਣਾ, (ਵਿੱਕੀ)– ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਕਲਾਸ ਦੀਆਂ ਲਿਖਤ ਬੋਰਡ ਪ੍ਰੀਖਿਆਵਾਂ ਰੋਕ ਦਿੱਤੀਆਂ ਗਈਆਂ ਸੀ, ਜਿਸ ਕਾਰਣ ਹੁਣ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਇਸ ਸਮੇਂ ਦੌਰਾਨ ਬਾਕੀ ਰਹਿੰਦੇ ਪੇਪਰਾਂ ਦੀ ਤਿਆਰੀ ਕਰਵਾਉਣ ਲਈ ਉਨ੍ਹਾਂ ਨੂੰ ਅਭਿਆਸ ਪੇਪਰ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਜਾਰੀ ਇਕ ਸੰਦੇਸ਼ ’ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਪ੍ਰਮੁੱਖ, ਅਧਿਆਪਕਾਂ ਤੇ ਅਧਿਕਾਰੀਆਂ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਮਿਸ਼ਨ 100 ਫੀਸਦੀ ਲਈ ਬਹੁਤ ਮਿਹਨਤ ਕੀਤੀ ਗਈ ਹੈ। ਵਿਦਿਆਰਥੀਆਂ ਦੇ ਵਧੀਆ ਨਤੀਜਿਆਂ ਲਈ ਬਹੁਤ ਸਾਰੇ ਅਧਿਆਪਕਾਂ ਨੇ ਐਕਸਟ੍ਰਾ ਕਲਾਸਾਂ ਲਾ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ ਪਰ ਕਰੋਨਾ ਵਾਇਰਸ ਕਾਰਣ ਬੱਚਿਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ 5ਵੀਂ ਕਲਾਸ ਦੀ ਸਾਲਾਨਾ ਬੋਰਡ ਪ੍ਰੀਖਿਆ ਨੂੰ ਰੋਕਣਾ ਪਿਆ। ਉਥੇ 5ਵੀਂ ਕਲਾਸ ਦੇ ਗਣਿਤ ਅਤੇ ਹਿੰਦੀ ਵਿਸ਼ੇ ਦੇ ਰਹਿੰਦੇ ਪੇਪਰਾਂ ਦੇ ਸਬੰਧੀ ਬਹੁਤ ਸਾਰੇ ਅਧਿਆਪਕਾਂ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ 5ਵੀਂ ਕਲਾਸ ਦੇ ਰੋਕੇ ਪੇਪਰਾਂ ’ਚੋਂ ਰੋਜ਼ਾਨਾ ਇਕ ਪੇਪਰ ਬੱਚਿਆਂ ਦੇ ਮਾਪਿਆਂ ਦੇ ਗਰੁੱਪਾਂ ਵਿਚ ਸ਼ੇਅਰ ਕਰਦੇ ਹੋਏ ਬੱਚਿਆਂ ਨੂੰ ਪ੍ਰੀਖਿਆ ਦੀ ਤਿਆਰੀ ਦਾ ਘਰ ਬੈਠੇ ਹੀ ਅਭਿਆਸ ਕਰਵਾਇਆ ਜਾ ਸਕਦਾ ਹੈ। ਸਿੱਖਿਆ ਸਕੱਤਰ ਨੇ ਸਾਰੇ ਅਧਿਆਪਕਾਂ, ਸਕੂਲ ਪ੍ਰਮੁੱਖਾਂ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪੇਪਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵੱਡੇ ਪੱਧਰ ’ਤੇ ਬੱਚਿਆਂ ਦੇ ਨਾਲ ਸਾਂਝਾ ਕਰਨ ਤਾਂ ਕਿ ਬੱਚੇ ਘਰ ਬੈਠ ਕੇ ਆਪਣਾ ਰੋਜ਼ਾਨਾ ਅਭਿਆਸ ਕਰਦੇ ਰਹਿਣ।


author

Bharat Thapa

Content Editor

Related News