ਰੇਲਵੇ ਸਟੇਸ਼ਨ ਦੇ ਹਰ ਕੋਨੇ ''ਚ ਰਹੇਗੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ

Sunday, Aug 13, 2017 - 03:21 PM (IST)

ਰੇਲਵੇ ਸਟੇਸ਼ਨ ਦੇ ਹਰ ਕੋਨੇ ''ਚ ਰਹੇਗੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ


ਪਟਿਆਲਾ(ਬਲਜਿੰਦਰ) - ਰੇਲਵੇ ਸਟੇਸ਼ਨ ਪਟਿਆਲਾ ਦੇ ਹਰ ਕੋਨੇ 'ਤੇ ਹੁਣ ਜਲਦੀ ਹੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ ਹੋਵੇਗੀ। ਇਸ ਲਈ ਬਕਾਇਦਾ ਰੇਲਵੇ ਵਲੋਂ ਇਕ ਸਰਵੇ ਕਰਵਾਇਆ ਗਿਆ ਹੈ। ਸਰਵੇ ਤੋਂ ਬਾਅਦ 55 ਸੀ. ਸੀ. ਟੀ. ਵੀ. ਕੈਮਰਿਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਐਲਾਨ ਸਹਾਇਕ ਸੁਰੱਖਿਆ ਕਮਿਸ਼ਨਰ ਐੈੱਨ. ਐੈੱਮ. ਵਸ਼ਿਸ਼ਟ ਵੱਲੋਂ ਅੱਜ ਪਟਿਆਲਾ ਵਿਖੇ ਕੀਤਾ ਗਿਆ। ਸ਼੍ਰੀ ਵਸ਼ਿਸ਼ਟ ਅੱਜ ਇਥੇ ਰੇਲਵੇ ਸਟੇਸ਼ਨ ਦੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ। ਇਥੇ ਉੁਨ੍ਹਾਂ ਨੇ ਕੁਲੀਆਂ, ਸਫਾਈ ਸੇਵਕਾਂ, ਮੁਲਾਜ਼ਮਾਂ ਅਤੇ ਵੈਂਡਰਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ। 
ਇਸ ਮੌਕੇ ਉੁਨ੍ਹਾਂ ਦੱਸਿਆ ਕਿ ਖੁਫੀਆ ਏਜੰਸੀ ਵੱਲੋਂ ਜਿਹੜੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ, ਉੁਨ੍ਹਾਂ ਅਨੁਸਾਰ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ, ਇਸ ਲਈ ਉਹ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿਣ ਦੇਣਾ ਚਾਹੁੰਦੇ। ਉੁਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਪਟਿਆਲਾ ਨੂੰ ਹੁਣ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਜ਼ਰ ਹੇਠ ਲਿਆਂਦਾ ਜਾ ਰਿਹਾ ਹੈ, ਇਸ ਲਈ ਬਕਾਇਦਾ ਇਕ ਸਰਵੇ ਕਰਵਾਇਆ ਗਿਆ ਸੀ।  ਸਰਵੇ ਟੀਮ ਨੇ ਰੇਲਵੇ ਸਟੇਸ਼ਨ ਦੇ ਹਰ ਕੋਨੇ ਵਿਚ ਨਜ਼ਰ ਰੱਖਣ ਲਈ 55 ਸੀ. ਸੀ. ਟੀ. ਵੀ. ਕੈਮਰੇ ਲਾਉੁਣ ਦੀ ਰਿਪੋਰਟ ਪੇਸ਼ ਕੀਤੀ ਹੈ। ਉਸ ਦੇ ਆਧਾਰ 'ਤੇ ਹੁਣ ਸਮੁੱਚੇ ਰੇਲਵੇ ਸਟੇਸ਼ਨ 'ਤੇ 24 ਘੰਟੇ 55 ਕੈਮਰੇ ਨਜ਼ਰਸਾਨੀ ਕਰਨਗੇ। ਇਸ ਤੋਂ ਇਲਾਵਾ ਰੇਲਵੇ ਪੁਲਸ ਨੂੰ ਸਨਾਈਪਰ ਡਾਗ ਵੀ ਦਿੱਤੇ ਜਾ ਰਹੇ ਹਨ। ਪੂਰੀ ਡਵੀਜ਼ਨ ਨੂੰ ਕਿੰਨੇ ਡਾਗ ਮਿਲਣਗੇ ਅਤੇ ਪਟਿਆਲਾ ਵਿਖੇ ਕਿੰਨੇ ਤਾਇਨਾਤ ਕੀਤੇ ਜਾਣਗੇ, ਇਸ ਦਾ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ। 
ਸ਼੍ਰੀ ਵਸ਼ਿਸ਼ਟ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਅਗਲੇ ਲਗਾਤਾਰ ਦੋ ਦਿਨ ਜਿਥੇ ਪੰਜਾਬ ਪੁਲਸ ਰੇਲਵੇ ਸਟੇਸ਼ਨਾਂ ਦਾ ਸਰਚ ਆਪ੍ਰੇਸ਼ਨ ਕਰ ਰਹੀ ਹੈ, ਉੁਥੇ ਰੇਲਵੇ ਪੁਲਸ ਵਲੋਂ ਵੀ ਲਗਾਤਾਰ ਸਰਚ ਆਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਦੀ ਅਗਵਾਈ ਹੇਠ ਅੱਜ ਵੀ ਪੰਜਾਬ ਪੁਲਸ ਤੋਂ ਬਾਅਦ ਰੇਲਵੇ ਪੁਲਸ ਨੇ ਵੀ ਰੇਲਵੇ ਸਟੇਸ਼ਨ ਦਾ ਸਰਚ ਆਪ੍ਰੇਸ਼ਨ ਕੀਤਾ। ਇਸ ਮੌਕੇ ਥਾਣਾ ਰੇਲਵੇ ਪੁਲਸ ਫੋਰਸ ਦੇ ਇੰਚਾਰਜ ਇੰਸਪੈਕਟਰ ਜੀ. ਐੈੱਸ. ਆਹਲੂਵਾਲੀਆ ਅਤੇ ਥਾਣਾ ਜੀ. ਆਰ. ਪੀ. ਦੇ ਇੰਚਾਰਜ ਇੰਸਪੈਕਟਰ ਵਿਮਲ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


Related News