ਰਿਸ਼ਤੇਦਾਰ ਲੜਕੀ ਦੀ ਜਗ੍ਹਾ ’ਤੇ ਈ.ਟੀ.ਟੀ. ਦਾ ਪੇਪਰ ਦੇਣ ਵਾਲੀ ਲੜਕੀ ਕਾਬੂ

05/26/2023 6:18:21 PM

ਮੋਗਾ (ਅਜ਼ਾਦ) : ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਈ.ਟੀ.ਟੀ. ਦੇ ਪੇਪਰ ਟੈਸਟ ਵਿਚ ਆਪਣੀ ਹੀ ਇਕ ਰਿਸ਼ਤੇਦਾਰ ਲੜਕੀ ਦੀ ਜਗ੍ਹਾ ’ਤੇ ਪੇਪਰ ਦੇਣ ਵਾਲੀ ਇਕ ਲੜਕੀ ਨੂੰ ਸੈਂਟਰ ਸੰਚਾਲਕਾਂ ਵੱਲੋਂ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਗਿਆ ਹੈ। ਇਸ ਸਬੰਧ ਵਿਚ ਪ੍ਰਿੰਸੀਪਲ ਸਿਮਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਮੋਗਾ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਕਿਰਨਾ ਰਾਣੀ ਨਿਵਾਸੀ ਪਿੰਡ ਘਾਗਾ ਖੁਰਦ ਅਮੀਰ ਖਾਸ ਫਾਜ਼ਿਲਕਾ ਅਤੇ ਕੁਲਵਿੰਦਰ ਕੌਰ ਨਿਵਾਸੀ ਫਾਜ਼ਿਲਕਾ ਖ਼ਿਲਾਫ ਕਥਿਤ ਮਿਲੀਭੁਗਤ ਅਤੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਸ਼ਹਿਰਾ ਗਰਾਊਂਡ ਮੋਗਾ ਵਿਚ ਸਥਿਤ ਡਾਈਟ ਕੇਂਦਰ ਵੱਲੋਂ ਈ. ਟੀ. ਟੀ. ਦਾ ਟੈਸਟ ਪੇਪਰ ਹੋ ਰਿਹਾ ਸੀ।

ਇਸ ਦੌਰਾਨ ਪੇਪਰ ਲੈਣ ਵਾਲੇ ਸੰਚਾਲਕਾਂ ਵੱਲੋਂ ਪੇਪਰ ਦੇ ਰਹੇ ਵਿਦਿਆਰਥੀਆਂ ਦੇ ਦਸਤਾਵੇਜ਼ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਕਿਰਨਾ ਰਾਣੀ ਨੇ ਜਾਅਲੀ ਆਧਾਰ ਕਾਰਡ ਅਤੇ ਜਾਅਲੀ ਆਈਡੀ ਕਾਰਡ ਬਣਾ ਕੇ ਆਪਣੀ ਰਿਸ਼ਤੇਦਾਰ ਕੁਲਵਿੰਦਰ ਕੌਰ ਦੀ ਜਗ੍ਹਾ ’ਤੇ ਬੈਠ ਕੇ ਈਟੀਟੀ ਦਾ ਟੈਸਟ ਪੇਪਰ ਦੇ ਰਹੀ ਹੈ, ਜਿਸ ’ਤੇ ਉਨ੍ਹਾਂ ਤੁਰੰਤ ਕਿਰਨਾਂ ਰਾਣੀ ਨੂੰ ਉਥੋਂ ਉਠਾ ਕੇ ਪੁਲਸ ਨੂੰ ਸੂਚਿਤ ਕੀਤਾ, ਜਿਸ ਨੂੰ ਪੁਲਸ ਵੱਲੋਂ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਲੜਕੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਦਕਿ ਦੂਸਰੀ ਕਥਿਤ ਦੋਸ਼ੀ ਲੜਕੀ ਦੀ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News