ਰੁੱਖ ਲਗਾਓ ਵਾਤਾਵਰਣ ਬਚਾਓ ਤਹਿਤ' ਵਿੱਢੀ ਗਈ ਮੁਹਿੰਮ
Wednesday, Jan 10, 2018 - 06:20 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਟੀਆ) - ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਰੁੱਖ ਲਗਾਓ ਧੰਨ ਕਮਾਓ ਤੇ ਵਾਤਾਵਰਣ ਬਚਾਓ ਮਿਸ਼ਨ ਤਹਿਤ ਜ਼ੋਰਦਾਰ ਮੁਹਿੰਮ ਵਿੱਢੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਮੰਡਲ ਤਰਨਤਾਰਨ ਦੇ ਸਹਾਇਕ ਰੇਂਜ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਵਣ ਮੰਡਲ ਜ਼ਿਲਾ ਅੰਮ੍ਰਿਤਸਰ ਤੇ ਤਰਨਤਾਰਨ ਵੱਲੋਂ ਰਜੇਸ਼ ਕੁਮਾਰ ਗੁਲਾਟੀ ਤੇ ਬਲਬੀਰ ਸਿੰਘ ਢਿੱਲੋਂ (ਦੋਵੇਂ ਜ਼ਿਲਾ ਰੇਂਜ ਅਫਸਰ) ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਉਕਤ ਮਿਸ਼ਨ ਤਹਿਤ ਛੋਟੇ, ਮੱਧ ਵਰਗੀ ਤੇ ਬਹੁ ਜ਼ਮੀਨੀ ਕਾਸਤਕਾਰ ਕਿਸਾਨਾਂ ਨੂੰ ਉਕਤ ਸਕੀਮ ਦੇ ਘੇਰੇ 'ਚ ਰੱਖਿਆ ਗਿਆ ਹੈ, ਜਿਸ ਤਹਿਤ ਜ਼ਮੀਨਾਂ ਤੇ ਖੇਤਾਂ ਦੀਆਂ ਵੱਟਾਂ 'ਤੇ ਰੁੱਖ ਲਾਉਣ ਕਿਸਾਨਾਂ ਨੂੰ ਚਾਰ ਸਾਲਾਂ ਦੇ ਦੌਰਾਂਨ ਨਿਧਾਰਿਤ ਕੀਤੀ ਗਈ ਕੁੱਲ ਲਾਗਤ ਦਾ ਅੱਧਾ ਖਰਚਾ ਅਨੁਪਾਤ ਦਰ ਦੇ ਹਿਸਾਬ ਨਾਲ ਤਿੰਨ ਕਿਸ਼ਤਾਂ 'ਚ ਮੁਹੱਈਆ ਕਰਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਰੁੱਖ ਲਾਉਣ ਲਈ ਕਿਸੇ ਵੀ ਕਿਸਮ ਦਾ ਬੂਟਾ ਕਿਸੇ ਵੀ ਨਰਸਰੀ ਜਾਂ ਏਜੰਸੀ ਤੋਂ ਲੈ ਸਕਦਾ ਹੈ। ਇਹ ਸਕੀਮ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਲਾਗੂ ਕੀਤੀ ਗਈ ਹੈ, ਜਿਸ ਤਹਿਤ ਕਟਾਈ ਸਮੇਂ ਬੂਟੇ ਦੀ ਆਮਦਨ ਤੇ ਮਾਲਿਕਾਨਾ ਹੱਕ ਕਿਸਾਨ ਦਾ ਹੀ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਵੱਲੋਂ ਪਿੰਡ-ਪਿੰਡ ਪਹੁੰਚ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਅਧੀਨ ਪਿੰਡ ਪੰਜਵੜ, ਭੋਜੀਆਂ, ਜੀਓਬਾਲਾ ਸਮੇਤ ਹੋਰਨਾਂ ਕਈ ਪਿੰਡਾਂ ਦੇ ਦਰਜਨਾਂ ਕਿਸਾਨਾਂ ਵੱਲੋਂ ਇਸ ਸਕੀਮ ਨਾਲ ਜੁੜਣ ਲਈ ਸਹਿਮਤੀ ਪ੍ਰਗਟਾਈ ਗਈ ਹੈ। ਇਸ ਮੌਕੇ ਗੁਰਮੀਤ ਸਿੰਘ ਵਣ ਬੀਟ ਗਾਰਡ ਝਬਾਲ, ਇੰਦਰਬੀਰ ਸਿੰਘ, ਕਰਨਬੀਰ ਸਿੰਘ, ਗੁਰਸੇਵਕ ਸਿੰਘ ਨੋਡਲ ਅਫਸਰ, ਰਣਜੀਤ ਸਿੰਘ, ਕੁਲਬੀਰ ਕੌਰ, ਸੁਰਿੰਦਰਪਾਲ ਸਿੰਘ ਅਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।