ਜਲੰਧਰ ਵਿਖੇ ਇਕ ਹਫ਼ਤੇ ’ਚ ''ਯੁੱਧ ਨਸ਼ੇ ਵਿਰੁੱਧ'' ਤਹਿਤ 41 ਮਾਮਲੇ ਦਰਜ, 51 ਮੁਲਜ਼ਮ ਗ੍ਰਿਫ਼ਤਾਰ
Saturday, May 17, 2025 - 03:18 PM (IST)

ਜਲੰਧਰ (ਸੁਧੀਰ)–ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਸੂਬੇ ਨੂੰ ਨਸ਼ਾ-ਮੁਕਤ ਬਣਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਨੂੰ ਇਕ ਹਫਤੇ ਅੰਦਰ ਭਾਰੀ ਸਫ਼ਲਤਾ ਮਿਲੀ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਨੂੰ ਨਸ਼ਾ-ਮੁਕਤ ਬਣਾਉਣ ਅਤੇ ਨਸ਼ਾ ਸਮੱਗਲਰਾਂ ਦਾ ਸਫਾਇਆ ਕਰਨ ਲਈ ਚਲਾਈ ਮੁਹਿੰਮ ਤਹਿਤ ਇਕ ਹਫ਼ਤੇ ਅੰਦਰ ਲਗਭਗ 41 ਮਾਮਲੇ ਦਰਜ ਕਰਕੇ 50 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਲੋੜੀਂਦੇ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਮਿਲੀ ਹੈ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਸੀ. ਪੀ. ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ। ਕਮਿਸ਼ਨਰੇਟ ਪੁਲਸ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਨੂੰ ਹੋਰ ਤੇਜ਼ ਕਰਕੇ ਨਸ਼ਾ ਸਮੱਗਲਰਾਂ ਦਾ ਜੜ੍ਹ ਤੋਂ ਸਫ਼ਾਇਆ ਕਰਨ ਦਾ ਪੂਰਾ ਯਤਨ ਕਰ ਰਹੀ ਹੈ। ਨਸ਼ਾ ਸਮੱਗਲਰਾਂ ਦੀ ਨਕੇਲ ਕੱਸਣ ਲਈ ਰੋਜ਼ਾਨਾ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਨਸ਼ਾ ਸਮੱਗਲਰਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ। ਧਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਪਿਛਲੇ ਇਕ ਹਫ਼ਤੇ ਦੌਰਾਨ ਇਸ ਮੁਹਿੰਮ ਤਹਿਤ ਭਾਰੀ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਤੂਫ਼ਾਨ ਦੇ ਨਾਲ...
ਕਮਿਸ਼ਨਰੇਟ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ ਕਾਬੂ ਕੀਤੇ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਅਤੇ ਗੈਰ-ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪੁਲਸ ਅਤੇ ਪਬਲਿਕ ਦੇ ਸਹਿਯੋਗ ਨਾਲ ਹੀ ਸ਼ਹਿਰ ਵਿਚੋਂ ਨਸ਼ਿਆਂ ਅਤੇ ਜੁਰਮਾਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਕਿਸੇ ਵੀ ਨਸ਼ਾ ਸਮੱਗਲਰ ਦੀ ਸੂਚਨਾ ਲੋਕ ਬੇਝਿਜਕ ਹੈਲਪਲਾਈਨ ਨੰਬਰ 97791-00200 ’ਤੇ ਪੁਲਸ ਨੂੰ ਦੇਣ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।
ਕਾਬੂ ਮੁਲਜ਼ਮਾਂ ਤੋਂ ਬਰਾਮਦ ਹੋਈਆਂ ਇਹ ਚੀਜ਼ਾਂ
638 ਗ੍ਰਾਮ ਹੈਰੋਇਨ, ਇਕ ਕਿਲੋ 5 ਗ੍ਰਾਮ ਗਾਂਜਾ, 397 ਨਸ਼ੇ ਵਾਲੀਆਂ ਗੋਲੀਆਂ, 3 ਚਾਂਦੀ ਦੇ ਫੋਇਲ ਰੋਲ, 3 ਲਾਈਟਰ, 2 ਪਿਸਤੌਲ (32 ਬੋਰ), 10 ਕਾਰਤੂਸ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਵਰਤੇ ਗਏ 2 ਵਾਹਨ ਵੀ ਪੁਲਸ ਨੇ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਨਸ਼ੇ ਦੀ ਵਰਤੋਂ ਕਰਨ ਲਗਭਗ 25 ਲੋਕਾਂ ਨੂੰ ਕਮਿਸ਼ਨਰੇਟ ਪੁਲਸ ਨੇ ਸਿਵਲ ਹਸਪਤਾਲ ਤੇ ਪਿਮਸ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਹੈ।
ਇਹ ਵੀ ਪੜ੍ਹੋ: ਹਾਈਟੈੱਕ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e