ਧਰਤੀ ਤੋਂ ਅੰਬਰ ਤੱਕ ਧੂੜ ਹੀ ਧੂੜ

Saturday, Jun 16, 2018 - 05:08 AM (IST)

ਧਰਤੀ ਤੋਂ ਅੰਬਰ ਤੱਕ ਧੂੜ ਹੀ ਧੂੜ

ਲੁਧਿਆਣਾ(ਸਲੂਜਾ)-ਦੋ-ਤਿੰਨ ਦਿਨਾਂ ਤੋਂ ਧਰਤੀ ਤੋਂ ਲੈ ਕੇ ਅੰਬਰ ਤਕ ਧੂੜ ਦੇ ਗੁਬਾਰ ਨਾਲ ਲੁਧਿਆਣਵੀਆਂ ਦੇ ਸਾਹ ਉੱਖੜਨ ਲੱਗੇ ਹਨ। ਇਸ ਗੰਧਲੇ ਵਾਤਾਵਰਣ ਦਾ ਕਾਰਨ ਦਿਨ ਦਾ ਤਾਪਮਾਨ ਸਧਾਰਨ ਤੋਂ 3 ਤੋਂ 4 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਜ਼ਿਆਦਾ ਚੱਲ ਰਿਹਾ ਹੈ। ਹਵਾ ਵਿਚ ਨਮੀ ਦੀ ਮਾਤਰਾ 20 ਤੋਂ 25 ਫੀਸਦੀ ਘੱਟ ਹੋਣਾ ਅਤੇ ਪੱਛਮੀ ਚੱਕਰਵਾਤ ਕਾਰਨ ਰਾਜਸਥਾਨ ਤੋਂ ਧੂੜ ਮਿੱਟੀ ਦੇ ਗੁਬਾਰ ਦੇ ਇਸ ਵਿਚ ਸ਼ਾਮਲ ਹੋਣ ਨੂੰ ਦੱਸਿਆ ਜਾ ਰਿਹਾ ਹੈ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਨਾਲ ਹੀ ਬਾਰਿਸ਼ ਦੀ ਸੰਭਾਵਨਾ ਕਾਰਨ ਇਹ ਧੂੜ ਦਾ ਗੁਬਾਰ ਸਾਫ ਹੋ ਸਕਦਾ ਹੈ। ਦੇਰ ਰਾਤ ਹੋਈ ਬੂੰਦਾ-ਬਾਂਦੀ ਨਾਲ ਲੋਕਾਂ ਨੂੰ ਧੂੜ ਤੋਂ ਰਾਹਤ ਮਿਲਣ ਦੀ ਉਮੀਦ ਨਜ਼ਰ ਆਈ।
ਕੀ ਰਿਹਾ ਤਾਪਮਾਨ ਦਾ ਪਾਰਾ
ਪੀ. ਏ. ਯੂ. ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਈਨਸ 1.8 ਦੇ ਨਾਲ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 36 ਅਤੇ ਘੱਟ ਤੋਂ ਘੱਟ 7.2 ਵਾਧੇ ਨਾਲ 328 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ ਮਾਈਨਸ 26 ਦੇ ਨਾਲ 41 ਅਤੇ ਸ਼ਾਮ ਨੂੰ ਮਾਈਨਸ 4 ਦੇ ਨਾਲ 40 ਫੀਸਦੀ ਰਹੀ, ਜਦੋਂਕਿ ਦਿਨ ਦੀ ਲੰਬਾਈ 14 ਘੰਟੇ 9 ਮਿੰਟ ਰਹੀ।
ਕੀ ਕਹਿੰਦੇ ਹਨ ਡਾਕਟਰ 
ਡਾਕਟਰ ਸੰਦੀਪ ਚੌਹਾਨ ਨੇ ਦੱਸਿਆ ਕਿ ਜੋ ਇਸ ਸਮੇਂ ਮੌਸਮ ਦਾ ਵਿਗੜਿਆ ਹੋਇਆ ਰੂਪ ਦੇਖਣ ਨੂੰ ਮਿਲ ਰਿਹਾ ਹੈ, ਇਸ ਵਿਚ ਦਮੇ ਦੇ ਰੋਗ ਤੋਂ ਪੀੜਤ ਮਰੀਜ਼ਾਂ ਦਾ ਰੋਗ ਵਧਣ ਦਾ ਖਤਰਾ ਪਹਿਲਾਂ ਦੀ ਤੁਲਨਾ 'ਚ ਵਧ ਗਿਆ ਹੈ। ਬੱਚਿਆਂ ਨੂੰ ਐਲਰਜੀ, ਖੰਘ, ਸਕਿਨ ਦੀ ਐਲਰਜੀ ਅਤੇ ਅੱਖਾਂ ਵਿਚ ਜਲਨ ਆਦਿ ਦੇ ਮਾਮਲੇ ਵਧਣ ਲੱਗੇ ਹਨ। ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਹੋਵੇਗਾ।  ਡਾ. ਚੌਹਾਨ ਨੇ ਦਮੇ ਦੇ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਘਰ ਤੋਂ ਤਦ ਹੀ ਨਿਕਲਣ, ਜਦ ਉਨ੍ਹਾਂ ਨੂੰ ਬੇਹੱਦ ਜ਼ਰੂਰੀ ਕੰਮ ਹੋਵੇ। ਜੇਕਰ ਕੋਈ ਗਰੀਬ ਵਿਅਕਤੀ ਮਾਸਕ ਖਰੀਦ ਨਹੀਂ ਸਕਦਾ ਤਾਂ ਉਹ ਘੱਟ ਤੋਂ ਘੱਟ ਆਪਣੇ ਮੂੰਹ 'ਤੇ ਰੁਮਾਲ ਬੰਨ੍ਹ ਕੇ ਹੀ ਕੰਮਕਾਜ ਲਈ ਬਾਹਰ ਆਏ।
ਕੁੱਤੇ ਵੀ ਹੋਣ ਲੱਗੇ ਲੂ ਤੋਂ ਪੀੜਤ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਮਾਹਰ ਡਾ. ਕੀਰਤੀ ਦੂਆ ਨੇ ਦੱਸਿਆ ਕਿ ਧੂੜ ਭਰੇ ਵਾਤਾਵਰਣ ਦੌਰਾਨ ਵੈਟਰਨਰੀ ਹਸਪਤਾਲ ਵਿਚ ਸੇਕ ਤੋਂ ਪੀੜਤ ਕੁੱਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਇਲਾਜ ਹਿੱਤ ਜ਼ਿਆਦਾ ਆਉਣ ਲੱਗੇ ਹਨ। ਡਾ. ਦੂਆ ਨੇ ਦੱਸਿਆ ਕਿ ਇਸ ਰੋਗ ਤੋਂ ਪੀੜਤ ਦਾ ਕਾਰਨ ਜ਼ਿਆਦਾ ਤਾਪਮਾਨ ਅਤੇ ਕੁੱਤਿਆਂ ਦੇ ਸਰੀਰ 'ਤੇ ਵਾਲਾਂ ਦਾ ਜ਼ਿਆਦਾ ਹੋਣਾ ਹੈ। ਜ਼ੇਰੇ ਇਲਾਜ ਸਭ ਤੋਂ ਪਹਿਲਾਂ ਕੁੱਤੇ ਨੂੰ ਨਹਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਜੇਕਰ ਮੌਸਮ ਇਸੇ ਤਰ੍ਹਾਂ ਦਾ ਰਹਿੰਦਾ ਹੈ ਤਾਂ ਫਿਰ ਡਾਗ ਵੀ ਮਨੁੱਖ ਵਾਂਗ ਵੱਖ-ਵੱਖ ਰੋਗਾਂ ਤੋਂ ਪੀੜਤ ਹੋਣੋਂ ਨਹੀਂ ਬਚ ਸਕਣਗੇ।
ਮਰੀਜ਼ਾਂ ਦੀ ਜਾਨ 'ਤੇ ਬਣੀ
ਦਮੇ ਸਮੇਤ ਵੱਖ-ਵੱਖ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਜਾਨ ਇਸ ਮੌਜੂਦਾ ਮੌਸਮ ਦੌਰਾਨ ਆਫਤ ਵਿਚ ਆਈ ਹੋਈ ਹੈ। ਡਾਕਟਰ ਵੀ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਮਨ੍ਹਾ ਕਰ ਰਹੇ ਹਨ ਤਾਂ ਕਿ ਸੇਫ ਰਹਿ ਸਕਣ।


Related News