ਪਾਵਰਕਾਮ ਵੱਲੋਂ 2 ਭ੍ਰਿਸ਼ਟ ਕਰਮਚਾਰੀ ਸਸਪੈਂਡ
Tuesday, Sep 03, 2019 - 11:18 AM (IST)

ਪਟਿਆਲਾ (ਜੋਸਨ)—ਪਾਵਰਕਾਮ ਨੇ ਬਿਜਲੀ ਚੋਰੀ ਕਰਵਾਉਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ 2 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸਬ-ਡਵੀਜ਼ਨ ਟੌਹੜਾ ਦੇ ਫੀਲਡ ਸਟਾਫ ਦੀ ਵਾਇਰਲ ਹੋਈ ਵੀਡੀਓ ਬਾਰੇ ਪਤਾ ਲੱਗਣ ਤੋਂ ਬਾਅਦ ਜਿਸ ਵਿਚ ਲਾਈਨਮੈਨ ਅਵਤਾਰ ਸਿੰਘ ਚੈਕਿੰਗ ਦੌਰਾਨ ਜ਼ਿਆਦਾ ਲੋਡ ਲੈਣ ਦੇ ਬਦਲੇ ਖਪਤਕਾਰਾਂ ਤੋਂ ਪੈਸੇ ਲੈਂਦਾ ਦੇਖਿਆ ਗਿਆ। ਇਸ ਮਾਮਲੇ ਦੀ ਜਾਂਚ ਪੀ. ਐੱਸ. ਪੀ. ਸੀ. ਐੱਲ. ਐਨਫੋਰਸਮੈਂਟ ਟੀਮ ਨੇ ਕੀਤੀ। ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਅਵਤਾਰ ਸਿੰਘ (ਲਾਈਨਮੈਨ) ਨੇ 10 ਹਜ਼ਾਰ ਰੁਪਏ ਸ਼ਿਕਾਇਤਕਰਤਾ ਤੋਂ ਵਧੇਰੇ ਲੋਡ ਲੈਣ ਬਦਲੇ ਲਏ। ਜਾਂਚ ਰਿਪੋਰਟ ਮਿਲਣ 'ਤੇ ਪੀ. ਐੱਸ. ਪੀ. ਸੀ. ਐੱਲ. ਨੇ ਉਸ ਨੂੰ ਸਸਪੈਂਡ ਕਰ ਕੇ ਨਵਾਂਸ਼ਹਿਰ ਦੇ ਦਫਤਰ ਵਿਖੇ ਫਿਕਸ ਕੀਤਾ ਹੈ।
ਇਕ ਹੋਰ ਕੇਸ ਵਿਚ ਸਬ-ਡਵੀਜ਼ਨ ਚੁਗਾਵਾਂ (ਅੰਮ੍ਰਿਤਸਰ) ਵਿਖੇ ਤਾਇਨਾਤ ਜੇ. ਈ. ਸੁਰਤਾ ਸਿੰਘ ਬਾਰੇ ਜਾਂਚ ਰਿਪੋਰਟ ਮਿਲਣ 'ਤੇ ਉਸ ਦਾ ਆਪਣਾ ਬਿਜਲੀ ਮੀਟਰ ਬਿਜਲੀ ਚੋਰੀ ਦਾ ਪਾਇਆ ਗਿਆ। ਪੀ. ਐੱਸ. ਪੀ. ਸੀ. ਐੱਲ. ਨੇ ਉਸ ਨੂੰ ਮੁਅੱਤਲ ਕਰ ਕੇ ਉਸ ਦੇ ਹੈੱਡਕੁਆਟਰ ਨੂੰ ਮੁੱਖ ਇੰਜੀਨੀਅਰ/ਡੀ. ਐੱਸ (ਬਾਰਡਰ) ਜ਼ੋਨ ਅੰਮ੍ਰਿਤਸਰ ਦੇ ਦਫਤਰ ਵਿਖੇ ਫਿਕਸ ਕੀਤਾ ਗਿਆ ਹੈ। ਉਸ ਨੂੰ ਭਾਰੀ ਜੁਰਮਾਨਾ ਵੀ ਕੀਤਾ ਗਿਆ ਹੈ।
ਸਖ਼ਤ ਕਾਰਵਾਈ ਜਾਰੀ ਰਹੇਗੀ : ਚੇਅਰਮੈਨ ਸਰਾਂ
ਪੀ. ਐੱਸ. ਪੀ. ਸੀ. ਐੱਲ ਦੇ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਖਪਤਕਾਰਾਂ ਨਾਲ ਕਰਮਚਾਰੀਆਂ ਵੱਲੋਂ ਦੁਰਵਿਹਾਰ ਕਰਨ 'ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਭਾਵੇਂ ਇਹ ਖਪਤਕਾਰ ਜਾਂ ਪੀ. ਐੱਸ. ਪੀ. ਸੀ. ਐੱਲ. ਕਰਮਚਾਰੀਆਂ ਵੱਲੋਂ ਕੀਤਾ ਗਿਆ ਹੋਵੇ।