ਮੰਗਾਂ ਨੂੰ ਲੈ ਕੇ ਬਿਜਲੀ ਕਾਮਿਆਂ ਕੀਤੀ ਰੋਸ ਰੈਲੀ
Wednesday, Jun 12, 2019 - 03:45 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪੰਜਾਬ ਰਾਜ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਮੰਡਲ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੰਡਲ ਦਫ਼ਤਰ ਨਾਲ ਸੰਬੰਧਤ ਅਤੇ ਜੁਆਇੰਟ ਫੋਰਮ ਨਾਲ ਸੰਬੰਧਤ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਦੋਵੇਂ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਅਤੇ ਦੋਵੇਂ ਕਾਰਪੋਰੇਸ਼ਨ ਦੀਆਂ ਮੈਨੇਜਮੈਂਟਾਂ ਜੁਆਇੰਟ ਫੋਰਮ ਨਾਲ ਕੀਤੇ ਸਮਝੋਤਿਆਂ ਨੂੰ ਲਾਗੂ ਨਹੀਂ ਕਰ ਰਹੀ। ਜਿਸ ਦੇ ਚਲਦਿਆਂ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਵਿਚ 1 ਦਸੰਬਰ 2011 ਤੋਂ ਵਾਧਾ ਕੀਤਾ ਹੋਇਆ ਹੈ ਪਰ ਕਾਰਪੋਰੇਸ਼ਨਾਂ ਦੀ ਮੈਨੇਜਮੈਂਟ ਵੱਲੋਂ ਵਾਰ-ਵਾਰ ਸਮਝੌਤਾ ਕਰਨ ਦੇ ਬਾਵਜੂਦ ਵੀ ਅਜੇ ਤੱਕ ਤਨਖਾਹ ਸਕੇਲਾਂ ਵਿਚ ਵਾਧਾ ਨਹੀਂ ਕੀਤਾ ਗਿਆ, ਨਵੇਂ ਭਰਤੀ ਕੀਤੇ ਗਏ ਲਾਈਨਮੈਨਾਂ ਦਾ ਪਰਖਕਾਲ ਦਾ ਸਮਾਂ ਆਪਣੀ ਮਨਮਰਜ਼ੀ ਨਾਲ ਹੀ ਦੋ ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤਾ ਗਿਆ ਹੈ, 23 ਸਾਲਾਂ ਸਕੇਲ ਜੋ ਬਿਨਾਂ ਸ਼ਰਤ ਮੁਲਾਜ਼ਮਾਂ ਨੂੰ ਦਿੱਤਾ ਜਾਣਾ ਸੀ 'ਤੇ ਵੀ ਬੇਲੋੜੀਆਂ ਸ਼ਰਤਾਂ ਲਗਾ ਦਿੱਤੀਆਂ ਹਨ, ਥਰਮਲਾਂ ਅੰਦਰ ਕੰਮ ਕਰਦੇ ਕਰਮਚਾਰੀ ਦੀਆਂ ਮੰਗਾਂ ਲਗਾਤਾਰ ਪੈਂਡਿੰਗ ਹਨ, ਮੰਗ ਪੱਤਰ ਵਿਚ ਦਰਜ ਮੰਗਾਂ 'ਤੇ ਵਾਰ-ਵਾਰ ਸਮਝੌਤਾ ਕਰਨ ਦੇ ਬਾਵਜੂਦ ਵੀ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਬੁਲਾਰਿਆਂ ਨੇ ਮੰਗ ਕੀਤੀ ਹੈ ਕਿ 1 ਦਸੰਬਰ 2011 ਤੋਂ ਪੰਜਾਬ ਸਰਕਾਰ ਦੀ ਤਰਜ਼ ਦੇ ਤਨਖਾਹ ਸਕੇਲਾਂ ਵਿੱਚ ਵਾਧਾ ਕੀਤਾ ਜਾਵੇ, 23 ਸਾਲਾਂ ਸਕੇਲ ਬਿਨ੍ਹਾਂ ਸ਼ਰਤ ਦਿੱਤਾ ਜਾਵੇ, ਲਾਈਨਾਂ ਮੈਨਾਂ ਦਾ ਪਰਖ ਕਾਲ ਦਾ ਸਮਾਂ 2 ਸਾਲ ਕੀਤਾ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ।
ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ 1 ਜਨਵਰੀ 2016 ਤੋਂ ਨਵੇਂ ਤਨਖਾਹ ਸਕੇਲ ਜਾਰੀ ਕੀਤੇ ਜਾਣੇ, ਡੀਏ ਦੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ 19 ਜੂਨ 2019 ਨੂੰ ਪੰਜਾਬ ਪੱਧਰ ਧਰਨੇ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਕਾਮੇ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੇ।