ਐਮਰਜੈਂਸੀ ਲਈ ਹੁਣ ਵੱਖ-ਵੱਖ ਨੰਬਰਾਂ ''ਤੇ ਨਹੀਂ ਕਰਨੀ ਪਵੇਗੀ ਕਾਲ

Wednesday, Jul 31, 2019 - 01:37 PM (IST)

ਐਮਰਜੈਂਸੀ ਲਈ ਹੁਣ ਵੱਖ-ਵੱਖ ਨੰਬਰਾਂ ''ਤੇ ਨਹੀਂ ਕਰਨੀ ਪਵੇਗੀ ਕਾਲ

ਲੁਧਿਆਣਾ (ਗੌਤਮ) : ਹੁਣ ਕਿਸੇ ਵੀ ਮੁਸੀਬਤ 'ਚ ਪੈਣ 'ਤੇ ਵੱਖ-ਵੱਖ ਹੈਲਪਲਾਈਨ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਰਹੇਗੀ। ਸਰਕਾਰ ਇਕ ਹੀ ਐਮਰਜੈਂਸੀ ਹੈਲਪ ਲਾਈਨ ਨੰਬਰ 'ਤੇ ਕਈ ਹੈਲਪਲਾਈਨਜ਼ ਦੀ ਸੁਵਿਧਾ ਦੇ ਰਹੀ ਹੈ। ਐਮਰਜੈਂਸੀ ਨੰਬਰ 112 ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਹੀ (ਈ. ਆਰ. ਐੱਸ. ਐੱਸ.) ਦੇ ਅਧੀਨ ਸ਼ੁਰੂ ਕੀਤਾ ਗਿਆ ਹੈ। ਜਿਸ 'ਚ ਪੁਲਸ 100, ਫਾਇਰ 101, ਹੈਲਪ 108 ਅਤੇ ਵੂਮੈਨ ਹੈਲਪ 1090 ਨੰਬਰਾਂ ਦੀ ਸਹਾਇਤਾ ਇਕ ਹੀ ਨੰਬਰ 112 'ਤੇ ਉਪਲਬਧ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਪੁਲਸ ਹੈਲਪ, ਮਹਿਲਾ ਸੁਰੱਖਿਆ, ਚਾਈਲਡ ਹੈਲਪਲਾਈਨ ਅਤੇ ਸੀਨੀਅਰ ਸਿਟੀਜ਼ਨ ਹੈਲਪਲਾਈਨ ਤੋਂ ਇਲਾਵਾ ਹੋਰ ਸਰਕਾਰ ਤੋਂ ਹੋਰ ਪ੍ਰਕਾਰ ਸਹਾਇਤਾ ਦੇ ਲਈ ਵੱਖ-ਵੱਖ ਹੈਲਪਲਾਈਨ ਨੰਬਰ ਡਾਇਲ ਕਰਨੇ ਪੈਂਦੇ ਸੀ। ਪੰਜਾਬ ਪੁਲਸ ਵਲੋਂ ਮੋਹਾਲੀ 'ਚ ਐਮਰਜੈਂਸੀ ਰਿਸਪਾਂਸ ਸੈਂਟਰ ਸਥਾਪਤ ਕੀਤਾ ਗਿਆ ਹੈ। ਕਿਸੇ ਵੀ ਜ਼ਿਲੇ ਤੋਂ ਜਦ 112 ਨੰਬਰ ਡਾਇਲ ਕੀਤਾ ਜਾਂਦਾ ਹੈ ਤਾਂ ਸਿੱਧਾ ਇਸ ਸੈਂਟਰ 'ਚ ਜਾਂਦਾ ਹੈ ਅਤੇ ਉਥੋਂ ਇਸੇ ਸਬੰਧਤ ਜ਼ਿਲੇ ਦੇ ਕੰਟਰੋਲ ਰੂਮ 'ਚ ਭੇਜ ਦਿੱਤਾ ਜਾਂਦਾ ਹੈ।

ਕਿਵੇਂ ਕੰਮ ਕਰਦਾ ਹੈ ਨੰਬਰ 112
112 ਨੰਬਰ ਡਾਇਲ ਕਰ ਕੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਜਾ ਸਕਦੀ ਹੈ। ਸਮਾਰਟ ਫੋਨ ਦੇ ਸਾਈਡ 'ਤੇ ਲੱਗੇ ਪਾਵਰ ਬਟਣ ਅਤੇ ਦੋ ਹੋਰ ਬਟਣਾਂ ਨੂੰ ਇਕ ਵੇਲੇ ਤਿੰਨ ਵਾਰ ਜਲਦੀ ਜਲਦੀ ਨਾਲ ਮਿਲਾਉਣ 'ਤੇ ਆਟੋਮੈਟਿਕ ਪੈਨਿਕ ਕਾਲ ਐਮਰਜੈਂਸੀ ਰਿਸਪਾਂਸ ਸੈਂਟਰ 'ਚ ਪੁੱਜ ਜਾਵੇਗੀ। ਸਾਧਾਰਨ ਫੋਨ ਤੋਂ 5 ਜਾਂ 9 ਨੰਬਰ ਦੇ ਬਟਨ ਨੂੰ ਕੁਝ ਸਮੇਂ ਤੱਕ ਦਬਾ ਕੇ ਰੱਖਣ 'ਤੇ ਪੈਨਿਕ ਕਾਲ ਰਿਸਪਾਂਸ ਸੈਂਟਰ 'ਚ ਪੁੱਜ ਜਾਵੇਗੀ। ਇਸ ਤੋਂ ਇਲਾਵਾ ਆਈ. ਆਰ. ਐੱਸ. ਐੱਸ. ਦੀ ਵੈਬਸਾਈਟ 'ਤੇ ਜਾ ਕੇ ਈਮੇਲ ਦੇ ਜ਼ਰੀਏ ਜਾਂ ਮੈਸੇਜ ਕਰ ਕੇ ਸਹਾਇਤਾ ਲਈ ਜਾ ਸਕਦੀ ਹੈ।

112 ਇੰਡੀਆ ਮੋਬਾਇਲ ਐਪ ਲੋਡ ਕਰੋ
ਕਿਸੇ ਵੀ ਤਰ੍ਹਾਂ ਦੇ ਹੈਲਪ ਲਾਈਨ ਨੰਬਰ ਲਈ ਗੂਗਲ ਪਲੇਸਟੋਰ ਜਾਂ ਐਪਲ ਸਟੋਰ 'ਤੇ ਜਾ ਕੇ ਲੋਕ 112 ਇੰਡੀਆ ਮੋਬਾਇਲ ਐਪ ਲੋਡ ਕਰ ਸਕਦੇ ਹਨ। ਐਪ ਲੋਡ ਹੋਣ 'ਤੇ ਕਈ ਤਰ੍ਹਾਂ ਦੀ ਸਹਾਇਤਾ ਦੇ ਬਦਲ ਹਨ। ਜੇਕਰ ਮੁਸੀਬਤ 'ਚ ਹੋ ਤਾਂ ਓਪਨ ਕਰਦੇ ਹੀ ਆਈ. ਐੱਮ. ਸੇਫ ਦੀ ਆਪਸ਼ਨ ਖੁੱਲ੍ਹਦੀ ਹੈ। ਉਸ 'ਤੇ ਕਲਿੱਕ ਕਰਨ ਤੋਂ ਬਾਅਦ ਰਿਸਪਾਂਸ ਸੈਂਟਰ ਨੂੰ ਅਲਰਟ ਕਰਨ ਲਈ ਹਾਂ ਜਾਂ ਨਾਂਹ ਦੀ ਆਪਸ਼ਨ ਪੁੱਛੀ ਜਾਂਦੀ ਹੈ। ਤੁਸੀ ਜੋ ਬਟਨ ਕਲਿੱਕ ਕਰਦੇ ਹੋ ਤੁਹਾਨੂੰ ਰਿਸਪਾਂਸ ਸੈਂਟਰ ਤੋਂ ਕਾਲ ਆ ਜਾਵੇਗੀ, ਜੋ ਨੰਬਰ ਫੀਡ ਹੋਣਗੇ ਉਨ੍ਹਾਂ ਨੂੰ ਵੀ ਕਾਲ ਚਲੀ ਜਾਵੇਗੀ।

ਲੋਕ 100 ਦੀ ਬਜਾਏ ਕਰਨ 112 ਡਾਇਲ
ਲੋਕਾਂ ਨੂੰ 100 ਦੀ ਬਜਾਏ 112 ਨੰਬਰ ਡਾਇਲ ਕਰਨਾ ਚਾਹੀਦਾ ਹੈ। ਇਕ ਹੀ ਨੰਬਰ 'ਤੇ ਕਈ ਸੁਵਿਧਾ ਉਪਲਬਧ ਹਨ। ਇਸ ਨਾਲ ਪੁਲਸ ਅਤੇ ਸ਼ਿਕਾਇਤ ਕਰਨ ਵਾਲੇ ਦੇ ਸਮੇਂ ਦੀ ਬੱਚਤ ਹੋਵੇਗੀ। ਫਿਲਹਾਲ 100 ਨੰਬਰ ਦੇ ਨਾਲ ਹੋਰ ਹੈਲਪਲਾਈਨ ਵੀ ਕੰਮ ਕਰ ਰਹੀ ਹੈ ਪਰ ਆਉਣ ਵਾਲੇ ਸਮੇਂ 'ਚ 100 ਨੰਬਰ ਤੋਂ ਇਲਾਵਾ ਹੈਲਪਲਾਈਨ ਵੀ 112 'ਚ ਹੀ ਤਬਦੀਲ ਕਰ ਦਿੱਤਾ ਜਾਵੇਗਾ। ਲੋਕਾਂ ਦੀ ਸੁਵਿਧਾ ਲਈ 112 ਨੰਬਰ ਨੂੰ ਹੋਰ ਵੀ ਅਪਡੇਟ ਕੀਤਾ ਜਾ ਰਿਹਾ ਹੈ। - ਮਨੋਜ ਕੁਮਾਰੀ, ਏ. ਸੀ. ਪੀ. ਹੈੱਡ ਕੁਆਰਟਰ

ਅਪਡੇਟ ਹੁੰਦੇ ਹੀ ਘੱਟ ਹੋਵੇਗਾ ਰਿਸਪਾਂਸ ਟਾਈਮ
ਪੁਲਸ ਕੰਟਰੋਲ 'ਤੇ ਲਗਭਗ 50 ਮੁਲਾਜ਼ਮ ਤਾਇਨਾਤ ਹਨ। ਜੋ ਵੱਖ-ਵੱਖ ਹੈਲਪਲਾਈਨ 'ਤੇ ਆਉਣ ਵਾਲੀ ਕਾਲ ਅਟੈਂਡ ਕਰਦੇ ਹਨ। 100 ਨੰਬਰ 'ਤੇ ਜ਼ਿਆਦਾਤਰ ਫਜ਼ੂਲ ਦੀ ਕਾਲ ਬਹੁਤ ਆਉਂਦੀ ਹੈ। ਹਜ਼ਾਰਾਂ ਦੀ ਗਿਣਤੀ 'ਚ ਆਉਣ ਵਾਲੀਆਂ ਕਾਲਾਂ 'ਚੋਂ ਸਿਰਫ 300-400 ਤੱਕ ਹੀ ਸ਼ਿਕਾਇਤ ਵਾਲੀਆਂ ਹੁੰਦੀਆਂ ਹਨ। ਪਹਿਲਾਂ ਇਸ ਨੂੰ ਰੋਕਣ ਲਈ ਆਪਸ਼ਨ ਬਟਣ ਦਬਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸ ਨਾਲ ਫਜ਼ੂਲ ਕਾਲ ਆਉਣੀ ਬੰਦ ਹੋ ਗਈ ਸੀ ਪਰ 112 ਨੰਬਰ ਸ਼ੁਰੂ ਹੋਣ ਨਾਲ ਹੋਰ ਵੀ ਕਾਰਜਪ੍ਰਣਾਲੀ 'ਚ ਸੁਧਾਰ ਹੋਵੇਗਾ।

ਹੁਣ ਕਾਲ ਫਿਲਟਰ ਹੋ ਕੇ ਆਵੇਗੀ। ਇਸ ਨਾਲ ਮੁਲਾਜ਼ਮਾਂ ਅਤੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ। ਇਸ ਮੌਕੇ 'ਤੇ ਪੁੱਜਣ ਦਾ ਰਿਸਪਾਂਸ ਟਾਈਮ ਵੀ ਘੱਟ ਹੋਵੇਗਾ। 100 ਨੰਬਰ 'ਤੇ 7 ਮੇਨ ਲਾਈਨਾਂ ਦੇ ਨਾਲ ਲਗਭਗ 30 ਲਾਈਨਾਂ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਆਉਣ ਵਾਲੇ ਸਮੇਂ 'ਚ ਇਨ੍ਹਾਂ ਨੂੰ 112 ਵਿਚ ਹੀ ਬਦਲ ਕੇ ਅਪਡੇਟ ਕਰ ਦਿੱਤਾ ਜਾਵੇਗਾ। -ਡਾ. ਸੁਖਚੈਨ ਸਿੰਘ ਗਿੱਲ, ਪੁਲਸ ਕਮਿਸ਼ਨਰ ਲੁਧਿਆਣਾ


author

Anuradha

Content Editor

Related News