ਐਲੀਵੇਟਿਡ ਰੋਡ ਦੇ ਥੱਲਿਓਂ ਟ੍ਰੈਫਿਕ ਲਈ ਇਕ-ਅੱਧੇ ਦਿਨ ’ਚ ਖੁੱਲ੍ਹੇਗਾ ਰਸਤਾ

Saturday, Apr 23, 2022 - 05:22 PM (IST)

ਲੁਧਿਆਣਾ (ਹਿਤੇਸ਼) : ਐਲੀਵੇਟਿਡ ਰੋਡ ਦੇ ਅੱਧ ਵਿਚ ਲਟਕੇ ਪ੍ਰਾਜੈਕਟ ’ਤੇ ਲੋਕਾਂ ਨੂੰ ਪੜਾਅਵਾਰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ, ਜਿਸ ਦੇ ਤਹਿਤ ਫਿਰੋਜ਼ਪੁਰ ਰੋਡ ਵੱਲ ਨਹਿਰ ਤੱਕ ਬਣਾਏ ਗਏ ਫਲਾਈਓਵਰ ਦੇ ਇਕ ਹਿੱਸੇ ਨੂੰ ਕੁੱਝ ਦਿਨ ਪਹਿਲਾਂ ਚਾਲੂ ਕਰ ਦਿੱਤਾ ਗਿਆ ਸੀ। ਹੁਣ ਨਹਿਰ ਤੋਂ ਫਿਰੋਜ਼ਪੁਰ ਰੋਡ ਵੱਲ ਵਾਲੇ ਹਿੱਸੇ ’ਤੇ ਫਲਾਈਓਵਰ ਦੇ ਥੱਲੇ ਦਾ ਰਸਤਾ ਇਕ ਅੱਧੇ ਦਿਨ ਵਿਚ ਖੋਲ੍ਹ ਦਿੱਤਾ ਜਾਵੇਗਾ। ਇਸ ਨਾਲ ਹੁਣ ਤੱਕ ਸਰਵਿਸ ਲੇਨ ਤੋਂ ਜਾਣ ਦੌਰਾਨ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਜਿੱਥੋਂ ਤੱਕ ਨਹਿਰ ਤੋਂ ਫਿਰੋਜ਼ਪੁਰ ਰੋਡ ਵੱਲ ਕਾਫੀ ਦੇਰ ਪਹਿਲਾਂ ਤੋਂ ਬਣ ਕੇ ਤਿਆਰ ਖੜ੍ਹੇ ਫਲਾਈਓਵਰ ਨੂੰ ਚਾਲੂ ਕਰਨ ਦਾ ਸਵਾਲ ਹੈ, ਉਸ ਦੇ ਲਈ ਬਣਾਏ ਜਾ ਰਹੇ ਅਪ ਰੈਂਪ ਦਾ ਨਿਰਮਾਣ ਪੂਰਾ ਹੋਣ ਦੇ ਲਈ ਅਜੇ ਇਕ ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ।
ਬਾੜੇਵਾਲ ਦੇ ਲੋਕਾਂ ਨੂੰ ਨਹੀਂ ਹੋਵੇਗਾ ਫ਼ਾਇਦਾ
ਨਹਿਰ ਤੋਂ ਫਿਰੋਜ਼ਪੁਰ ਰੋਡ ਵੱਲ ਜਾਣ ਵਾਲੇ ਹਿੱਸੇ ’ਤੇ ਬਣਾਏ ਗਏ ਫਲਾਈਓਵਰ ਦਾ ਬਾੜੇਵਾਲ ਵਿਚ ਰਹਿਣ ਵਾਲੇ ਲੋਕਾਂ ਨੂੰ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਨਗਰ ਨਿਗਮ ਦੀ ਲਿਮਟ ਦੇ ਨੇੜੇ ਫਲਾਈਓਵਰ ਖ਼ਤਮ ਹੋਣ ਦੇ ਪੁਆਇੰਟ ’ਤੇ ਬਣੀ ਹੋਈ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਫਲਾਈਓਵਰ ਦੇ ਰਸਤਿਓਂ ਆਉਣ ਵਾਲੇ ਲੋਕਾਂ ਨੂੰ ਮੈਗਨੇਟ ਰਿਸਾਰਟ ਰੋਡ ਜਾਂ ਨਾਲ ਲੱਗਦੇ ਇਲਾਕਿਆਂ ਵਿਚ ਜਾਣ ਵਾਲੇ ਲੋਕਾਂ ਨੂੰ ਕਾਫੀ ਦੂਰ ਤੋਂ ਯੂ-ਟਰਨ ਲੈ ਕੇ ਆਉਣਾ ਪਵੇਗਾ, ਜਿਸ ਨਾਲ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਕ੍ਰਾਸਿੰਗ ਖੋਲ੍ਹਣ ਦੀ ਮੰਗ ਨੂੰ ਟ੍ਰੈਫਿਕ ਪੁਲਸ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਹਾਦਸਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।


Babita

Content Editor

Related News