ਰੀਡਿੰਗ ਨੂੰ ਲੁਕਾਉਣ ਲਈ ਸਾੜ ਦਿੱਤੇ ਜਾਂਦੇ ਹਨ ਬਿਜਲੀ ਮੀਟਰ
Monday, Feb 19, 2018 - 04:31 AM (IST)

ਅੰਮ੍ਰਿਤਸਰ, (ਰਮਨ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹਾਈਟੈੱਕ ਸੈਪ ਸਿਸਟਮ 'ਤੇ ਠੇਕੇ 'ਤੇ ਕੰਮ ਕਰਨ ਵਾਲੇ ਮੀਟਰ ਰੀਡਰ ਭਾਰੀ ਪੈ ਰਹੇ ਹਨ। ਮੀਟਰ ਰੀਡਰਾਂ ਦੀਆਂ ਪਾਵਰਕਾਮ ਅਧਿਕਾਰੀਆਂ ਕੋਲ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਕਿ ਉਹ ਰੀਡਿੰਗ ਸਬੰਧੀ ਹੇਰਾ-ਫੇਰੀ ਕਰ ਰਹੇ ਹਨ, ਜਿਸ ਨਾਲ ਪਾਵਰਕਾਮ ਨੂੰ ਚੂਨਾ ਲੱਗ ਰਿਹਾ ਹੈ, ਜਿਸ ਦਾ ਖਮਿਆਜ਼ਾ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲੋਕਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਹਰ ਰੋਜ਼ ਲੋਕ ਬਿੱਲ ਠੀਕ ਕਰਵਾਉਣ ਲਈ ਸੈਂਕੜਿਆਂ ਦੀ ਗਿਣਤੀ 'ਚ ਬਿਜਲੀ ਘਰਾਂ ਦੇ ਚੱਕਰ ਲਾਉਂਦੇ ਹਨ, ਜਿਸ ਨਾਲ ਬਿਜਲੀ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਕ ਵਾਰ ਤਾਂ ਮੀਟਰ ਰੀਡਰਾਂ ਦੀ ਪਿਛਲੇ ਐੱਸ. ਈ. ਸਿਟੀ ਸਰਕਲ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਮੀਟਰ ਰੀਡਰਾਂ ਨੇ ਕਿਹਾ ਸੀ ਕਿ ਸਾਡੀ ਤਨਖਾਹ ਥੋੜ੍ਹੀ ਹੈ, ਗੁਜ਼ਾਰੇ ਲਈ ਕੁਝ ਤਾਂ ਕਰੋ, ਜਿਸ 'ਤੇ ਸਾਰੇ ਚੁੱਪ ਹੋ ਗਏ ਸਨ। ਮੀਟਰ ਰੀਡਰ ਜਦੋਂ ਇਲਾਕਿਆਂ 'ਚ ਜਾ ਕੇ ਰੀਡਿੰਗ ਲੈਂਦੇ ਹਨ ਤਾਂ ਮਸ਼ੀਨ 'ਚੋਂ ਸਿਮ ਕੱਢ ਦਿੰਦੇ ਹਨ, ਜਿਸ ਨਾਲ ਰੀਡਿੰਗ ਵਿਚ ਗੜਬੜ ਹੋ ਜਾਂਦੀ ਹੈ ਅਤੇ ਲੋਕਾਂ ਦੇ ਬਿੱਲ ਗਲਤ ਬਣ ਜਾਂਦੇ ਹਨ, ਕਈ ਲੋਕਾਂ ਨੂੰ ਤਾਂ ਲੱਖਾਂ ਰੁਪਏ ਦਾ ਬਿੱਲ ਚਲਾ ਜਾਂਦਾ ਹੈ। ਲੋਕਾਂ ਦੇ ਮੀਟਰਾਂ ਵਿਚ ਕੋਈ ਵੀ ਖਰਾਬੀ ਹੁੰਦੀ ਹੈ ਤਾਂ ਉਸ ਸਬੰਧੀ ਬਿੱਲ ਵਿਚ ਕੋਡ ਛਪ ਕੇ ਆਉਂਦਾ ਹੈ ਪਰ ਲੋਕ ਫਿਰ ਵੀ ਧਿਆਨ ਨਹੀਂ ਦਿੰਦੇ।
ਇਹ ਹਨ ਕੋਡ : ਐੱਲ ਕੋਡ- ਘਰ ਨੂੰ ਤਾਲਾ ਲੱਗਾ ਹੈ, ਡੀ- ਮੀਟਰ ਖ਼ਰਾਬ ਹੈ, ਐੱਮ- ਮੀਟਰ ਦੀ ਸੀਲ ਟੁੱਟੀ ਹੈ, ਟੀ- ਟਰਮਨਲ ਸੀਲ ਟੁੱਟੀ ਹੈ, ਆਰ- ਮੀਟਰ 'ਚ ਪਾਣੀ ਗਿਆ ਹੈ, ਐੱਸ- ਮੀਟਰ ਗਾਇਬ ਹੈ, ਆਈ- ਨਵੀਂ ਰੀਡਿੰਗ ਘੱਟ ਅਤੇ ਬਹੁਤ ਵੱਧ ਹੈ, ਐੱਫ- ਮੀਟਰ ਹੋਰ ਹੈ, ਐੱਨ- ਰੀਡਿੰਗ ਨਹੀਂ ਲਈ ਗਈ, ਸੀ- ਮੀਟਰ ਬਦਲੀ ਕਰ ਦਿੱਤਾ ਗਿਆ ਹੈ, ਓ- ਮੀਟਰ ਪੂਰਾ ਠੀਕ ਹੈ, ਏ- ਮੀਟਰ ਦੀ ਜਗ੍ਹਾ ਬਦਲੀ ਗਈ ਹੈ, ਐੱਚ- ਨੰਗੀਆਂ ਤਾਰਾਂ ਅਤੇ ਜੋੜ, ਜੀ- ਮੀਟਰ ਦਾ ਸ਼ੀਸ਼ਾ ਟੁੱਟਾ ਹੈ, ਬੀ- ਮੀਟਰ ਦੇ ਬਕਸੇ ਦੀ ਸੀਲ ਟੁੱਟੀ ਹੈ, ਡਬਲਿਊ- ਟਰਮੀਨਲ ਪਲੇਟ 'ਚ ਖਰਾਬੀ, ਈ ਈ ਐੱਮ- ਮੀਟਰ ਨੂੰ ਈ. ਐੱਲ. ਕੇ. ਨਾਲ ਬਦਲੀ ਕਰਨ ਲਈ, ਇਹ ਕੋਡ ਬਿਜਲੀ ਮੀਟਰ ਦੀ ਹਾਲਤ ਜੋ ਦੱਸਦੇ ਹਨ, ਨਾਲ ਅਧਿਕਾਰੀ ਕੋਡ ਦੇਖ ਕੇ ਉਸ 'ਤੇ ਕਾਰਵਾਈ ਕਰਦੇ ਹਨ।
ਲੋਕਾਂ ਤੋਂ ਠੱਗਦੇ ਹਨ ਪੈਸੇ : ਠੇਕੇ 'ਤੇ ਕੰਮ ਕਰਨ ਵਾਲੇ ਮੀਟਰ ਰੀਡਰ ਇਲਾਕਿਆਂ ਵਿਚ ਲੋਕਾਂ ਤੋਂ ਪੈਸੇ ਠੱਗਦੇ ਰਹਿੰਦੇ ਹਨ, ਜਿਸ ਸਬੰਧੀ ਕਈ ਕੇਸ ਪਾਵਰਕਾਮ ਦੇ ਅਧਿਕਾਰੀਆਂ ਕੋਲ ਆਏ ਹਨ ਤੇ ਕਈ ਮੀਟਰ ਰੀਡਰਾਂ 'ਤੇ ਕਾਰਵਾਈ ਵੀ ਹੋਈ ਹੈ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਮੀਟਰ ਰੀਡਰ ਬਿਜਲੀ ਮੀਟਰਾਂ ਦੀ ਰੀਡਿੰਗ ਘੱਟ ਪਾਉਣ ਨੂੰ ਲੈ ਕੇ ਲੋਕਾਂ ਤੋਂ ਪੈਸੇ ਠੱਗਦੇ ਹਨ, ਜਦੋਂ ਚੈਕਿੰਗ ਹੁੰਦੀ ਹੈ ਤਾਂ ਇਨ੍ਹਾਂ ਦੀ ਇਹ ਹੇਰਾ-ਫੇਰੀ ਸਾਹਮਣੇ ਆ ਜਾਂਦੀ ਹੈ।
ਅਕਸਰ ਦੇਖਿਆ ਗਿਆ ਹੈ ਕਿ ਪਾਵਰਕਾਮ ਕੋਲ ਮੀਟਰ ਸੜਨ ਦੀ ਸ਼ਿਕਾਇਤ ਆਉਂਦੀ ਹੈ, ਜਿਸ ਕਾਰਨ ਕਈ ਲੋਕ ਕਰਮਚਾਰੀਆਂ ਨਾਲ ਸੈਟਿੰਗ ਕਰ ਲੈਂਦੇ ਹਨ ਅਤੇ 2 ਬਿੱਲ ਸਰਕਲਾਂ ਦੀ ਰੀਡਿੰਗ ਆਪਣੇ ਬਿੱਲਾਂ ਵਿਚ ਘੱਟ ਕਰਵਾ ਲੈਂਦੇ ਹਨ। ਇਹ ਬਿੱਲ ਜ਼ਿਆਦਾਤਰ ਗਰਮੀਆਂ ਦੇ ਸੀਜ਼ਨ ਦੇ ਹੀ ਹੁੰਦੇ ਹਨ। ਮੀਟਰ ਰੀਡਿੰਗ ਨੂੰ ਛੁਪਾਉਣ ਲਈ ਬਾਅਦ ਵਿਚ ਮੀਟਰ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਪਾਵਰਕਾਮ ਨੂੰ ਕਾਫ਼ੀ ਚੂਨਾ ਲੱਗਦਾ ਹੈ। ਇਹ ਸਾਰਾ ਕੰਮ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੁੰਦਾ ਹੈ।