ਪੰਜਾਬ ’ਚ ਵਧਣਗੇ ਬਿਜਲੀ ਕੱਟ, ਦਿੱਲੀ ’ਚ ਬਲੈਕ ਆਊਟ ਦਾ ਖ਼ਤਰਾ
Sunday, Oct 10, 2021 - 09:08 AM (IST)
ਚੰਡੀਗੜ੍ਹ/ਨਵੀਂ ਦਿੱਲੀ (ਅਸ਼ਵਨੀ, ਏਜੰਸੀਆਂ) : ਕੋਲਾ ਸੰਕਟ ਦਾ ਅਸਰ ਪੰਜਾਬ ’ਚ ਨਜ਼ਰ ਆਉਣ ਲੱਗਾ ਹੈ। ਪਾਵਰਕਾਮ ਨੇ ਸ਼ਡਿਊਲ ਕੱਟ ਦਾ ਐਲਾਨ ਕਰ ਦਿੱਤਾ ਹੈ। ਜੇਕਰ ਹਾਲਾਤ ਵਿਗੜ ਗਏ ਤਾਂ ਪੂਰੇ ਦਿਨ ’ਚ ਸ਼ਡਿਊਲ ਕੱਟ ਨੂੰ ਵਧਾਇਆ ਜਾ ਸਕਦਾ ਹੈ। ਇਹ ਐਲਾਨ ਸ਼ਨੀਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ. ਐੱਮ. ਡੀ. ਵੇਣੂੰ ਪ੍ਰਸਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਖੇਤੀਬਾੜੀ ਖੇਤਰ ਨੂੰ ਬਿਜਲੀ ਦੀ ਪੂਰੀ ਸਪਲਾਈ ਚਾਹੀਦੀ ਹੈ। ਸਬਜ਼ੀਆਂ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੈ।
ਇਸ ਨੂੰ ਧਿਆਨ ’ਚ ਰੱਖਦਿਆਂ ਅਜੇ 30 ਮਿੰਟ ਤੋਂ 1 ਘੰਟੇ ਦੇ ਸ਼ਡਿਊਲ ਕੱਟ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਖੇਤੀਬਾੜੀ ਖੇਤਰ ਨੂੰ ਬਿਜਲੀ ਮਿਲ ਸਕੇ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਥਰਮਲ ਪਲਾਂਟ ਲਈ 20 ਦਿਨ ਲਈ ਕੋਲੇ ਦਾ ਸਟਾਕ ਰਾਖਵਾਂ ਰੱਖਿਆ ਜਾਂਦਾ ਹੈ ਪਰ ਸ਼ਨੀਵਾਰ ਸ਼ਾਮ ਤੱਕ ਕਈ ਪਲਾਂਟਾਂ ਕੋਲ ਮੁਸ਼ਕਿਲ ਨਾਲ 24 ਘੰਟਿਆਂ ਦਾ ਹੀ ਕੋਲਾ ਬਚਿਆ ਸੀ। ਸਰਕਾਰੀ ਥਰਮਲ ਪਲਾਂਟ ’ਚ 4-5 ਦਿਨ ਦਾ ਸਟਾਕ ਹੀ ਬਚਿਆ ਹੈ। ਕੋਲੇ ਦੀ ਖਾਨ ਤੋਂ ਲੋਡਿੰਗ ਹੋਣ ਪਿੱਛੋਂ ਵੀ ਪੰਜਾਬ ਤੱਕ ਕੋਲਾ ਪੁੱਜਣ ’ਚ 3 ਦਿਨ ਲੱਗ ਜਾਂਦੇ ਹਨ। ਓਡਿਸ਼ਾ ਅਤੇ ਝਾਰਖੰਡ ਤੋਂ ਕੋਲਾ ਆਉਣ ’ਚ ਇਸ ਤੋਂ ਵੀ ਵਧ ਸਮਾਂ ਲੱਗਦਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੇ 4-5 ਦਿਨ ’ਚ ਹਾਲਾਤ ਠੀਕ ਹੋ ਜਾਣਗੇ ਕਿਉਂਕਿ ਪੰਜਾਬ ’ਚ ਬਿਜਲੀ ਦੀ ਮੰਗ ਵਧੇਰੇ ਨਹੀਂ ਹੈ। ਬਿਜਲੀ ਨੂੰ ਖ਼ਰੀਦਣ ਬਾਰੇ ਵੀ ਗੱਲਬਾਤ ਚੱਲ ਰਹੀ ਹੈ। ਕੋਲੇ ਦੀ ਕਮੀ ਕਾਰਨ ਦਿੱਲੀ ’ਚ ਬਲੈਕ ਆਊਟ ਦਾ ਖ਼ਤਰਾ ਮੰਡਰਾ ਰਿਹਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਕਿਹਾ ਕਿ ਕੌਮੀ ਰਾਜਧਾਨੀ ਦੇ ਲੋਕਾਂ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਕੋਲੇ ਦੀ ਘਾਟ ਦੇ ਮੱਦੇਨਜ਼ਰ PSPCL ਦੀ ਲੋਕਾਂ ਨੂੰ ਖ਼ਾਸ ਅਪੀਲ
ਕੇਜਰੀਵਾਲ ਨੇ ਮੋਦੀ ਨੂੰ ਲਿੱਖੀ ਚਿੱਠੀ
ਕੇਜਰੀਵਾਲ ਨੇ ਦਿੱਲੀ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਉਤਪਾਦਨ ਪਲਾਂਟਾਂ ’ਚ ਕੋਲੇ ਅਤੇ ਗੈਸ ਦੇ ਢੁੱਕਵੇਂ ਪ੍ਰਬੰਧਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਖ਼ਲ ਅੰਦਾਜ਼ੀ ਕਰਨ ਲਈ ਚਿੱਠੀ ਲਿੱਖੀ ਹੈ। ਚਿੱਠੀ ’ਚ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ’ਚ ਅਗਸਤ ਤੋਂ ਕੋਲੇ ਦੀ ਕਮੀ ਚੱਲ ਰਹੀ ਹੈ। ਉਨ੍ਹਾਂ ਮੋਦੀ ਦਾ ਧਿਆਨ ਕੋਲੇ ਦੀ ਕਮੀ ਵੱਲ ਖਿੱਚਿਆ ਅਤੇ ਕਿਹਾ ਕਿ ਇਹ ਕਮੀ ਪਿਛਲੇ 3 ਮਹੀਨਿਆਂ ਤੋਂ ਜਾਰੀ ਹੈ। ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪ੍ਰਮੁੱਖ ਪਲਾਂਟ ਇਸ ਕਾਰਨ ਪ੍ਰਭਾਵਿਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ