ਬਿਜਲੀ ਖ਼ਪਤਕਾਰ ‘ਹਾਲੋ-ਬੇਹਾਲ’! ਫਾਲਟ ਦੀਆਂ 5800 ਤੋਂ ਵੱਧ ਸ਼ਿਕਾਇਤਾਂ, AC ਕਾਰਨ ਓਵਰਲੋਡ ਹੋਏ ਫੀਡਰ

05/29/2024 6:00:53 AM

ਜਲੰਧਰ (ਪੁਨੀਤ)– ਭਿਆਨਕ ਗਰਮੀ ਕਾਰਨ ਸਕੂਲਾਂ ਵਲੋਂ ਛੁੱਟੀਆਂ ਕੀਤੀਆਂ ਜਾ ਚੁੱਕੀਆਂ ਹਨ ਤੇ ਮੌਸਮ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਬਿਜਲੀ ਦੇ ਲੰਮੇ-ਲੰਮੇ ਪਾਵਰਕੱਟਾਂ ਕਾਰਨ ਘਰਾਂ ’ਚ ਵੀ ਬਣਦੀ ਰਾਹਤ ਨਹੀਂ ਮਿਲ ਪਾ ਰਹੀ। ਵੱਧ ਰਹੀ ਗਰਮੀ ਵਿਚਕਾਰ ਬਿਜਲੀ ਦੀਆਂ ਸ਼ਿਕਾਇਤਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਦਰਜ ਹੋ ਰਿਹਾ ਹੈ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਜੀਵਨੀ : ਜਨਮ ਤੋਂ ਮਰਨ ਤਕ 28 ਸਾਲਾ ’ਚ ਜੱਟ ਨੇ ਦੇਖੋ ਕੀ ਕੁਝ ਖੱਟਿਆ

ਬਿਜਲੀ ਦੀ ਵੱਧ ਰਹੀ ਵਰਤੋਂ ਕਾਰਨ ਓਵਰਲੋਡ ਫੀਡਰਾਂ ’ਚ ਫਾਲਟ ਪੈਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹਾਲਤ ਇਹ ਹੈ ਕਿ ਭਿਆਨਕ ਗਰਮੀ ਕਾਰਨ ਪਾਵਰਕਾਮ ਦੀ ਪ੍ਰੇਸ਼ਾਨੀ ਵੱਧ ਰਹੀ ਹੈ ਕਿਉਂਕਿ ਏ. ਸੀ. ਦੀ ਖ਼ਪਤ ਨੇ ਸਿਸਟਮ ਨੂੰ ਓਵਰਲੋਡ ਕੀਤਾ ਹੋਇਆ ਹੈ, ਜਿਸ ਕਾਰਨ ਟਰਾਂਸਫਾਰਮਰਾਂ ’ਚ ਧੜੱਲੇ ਨਾਲ ਫਾਲਟ ਪੈ ਰਹੇ ਹਨ।

ਇਸੇ ਸਿਲਸਿਲੇ ’ਚ ਬਿਜਲੀ ਦੀਆਂ ਸ਼ਿਕਾਇਤਾਂ ਦਾ ਅੰਕੜਾ 5800 ਤੋਂ ਪਾਰ ਪਹੁੰਚ ਗਿਆ, ਜਿਸ ਕਾਰਨ ਬਿਜਲੀ ਖ਼ਪਤਕਾਰ ਹਾਲੋ-ਬੇਹਾਲ ਹਨ। ਸ਼ਿਕਾਇਤਾਂ ਵਧਣ ਕਾਰਨ ਅਧਿਕਾਰੀਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਹਰੇਕ ਸਬ-ਡਿਵੀਜ਼ਨ ’ਚ ਬਿਜਲੀ ਦੀਆਂ ਸ਼ਿਕਾਇਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਕਈ ਇਲਾਕਿਆਂ ’ਚ ਅਣ-ਐਲਾਨੇ ਪਾਵਰਕੱਟ ਦਾ ਸਮਾਂ 4 ਤੋਂ ਲੈ ਕੇ 7-8 ਘੰਟੇ ਤਕ ਪਹੁੰਚ ਚੁੱਕਾ ਹੈ। ਇਸੇ ਕਾਰਨ ਕਈ ਇਲਾਕਿਆਂ ’ਚ ਇਨਵਰਟਰ ਵੀ ਪੂਰੀ ਤਰ੍ਹਾਂ ਨਾਲ ਕੰਮ ਨਹੀਂ ਕਰ ਪਾ ਰਹੇ, ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵੀ ਵੱਧ ਰਹੀ ਹੈ।

PunjabKesari

ਸਥਿਤੀ ਇਹ ਹੈ ਕਿ ਬਿਜਲੀ ਦੀ ਖ਼ਰਾਬੀ ਸਬੰਧੀ ਹਰ ਪਾਸਿਓਂ ਪ੍ਰੇਸ਼ਾਨੀ ਸੁਣਨ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੱਟ ਲੱਗਣ ਦੀ ਕੋਈ ਗਿਣਤੀ ਨਹੀਂ ਹੈ। ਕਈ ਇਲਾਕਿਆਂ ’ਚ ਵਾਰ-ਵਾਰ ਫਾਲਟ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। ਸਟਾਫ ਦੀ ਸ਼ਾਰਟੇਜ ਕਾਰਨ ਸਮੇਂ ’ਤੇ ਬਿਜਲੀ ਦੇ ਫਾਲਟ ਨੂੰ ਠੀਕ ਕਰ ਪਾਉਣਾ ਸੰਭਵ ਨਹੀਂ ਹੋ ਪਾ ਰਿਹਾ।

ਸਭ ਤੋਂ ਵੱਧ ਘਰੇਲੂ ਖ਼ਪਤਕਾਰ ਵੈਸਟ ਤੇ ਮਾਡਲ ਟਾਊਨ ਡਿਵੀਜ਼ਨ ਅਧੀਨ ਆਉਂਦੇ ਹਨ, ਇਸ ਕਾਰਨ ਇਨ੍ਹਾਂ ਡਿਵੀਜ਼ਨਾਂ ਦੇ ਖ਼ਪਤਕਾਰਾਂ ਨੂੰ ਬਿਜਲੀ ਦੀ ਖ਼ਰਾਬੀ ਦੀ ਸਭ ਤੋਂ ਵੱਧ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਆਉਣ ਵਾਲੇ ਦਿਨਾਂ ’ਚ ਜਿੰਨੀ ਗਰਮੀ ਵਧੇਗੀ, ਬਿਜਲੀ ਦੇ ਫਾਲਟ ਵੀ ਓਨੇ ਹੀ ਵਧਣਗੇ ਪਰ ਫਿਲਹਾਲ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।

PunjabKesari

ਰਿਪੇਅਰ ਦੇ ਨਾਂ ’ਤੇ ਪਾਵਰਕੱਟ ਲਾਉਣ ’ਤੇ ਰੋਕ
ਬਿਜਲੀ ਦੀ ਖ਼ਰਾਬੀ ਕਾਰਨ ਹੋ ਰਹੀ ਪ੍ਰੇਸ਼ਾਨੀ ਕਰਕੇ ਸੀਨੀਅਰ ਅਧਿਕਾਰੀਆਂ ਵਲੋਂ ਫਿਲਹਾਲ ਲੰਬੀ ਮੇਨਟੀਨੈਂਸ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿਉਂਕਿ ਅਧਿਕਾਰੀ ਰਿਪੇਅਰ ਦੇ ਨਾਂ ’ਤੇ ਪਾਵਰਕੱਟ ਨਹੀਂ ਲਾਉਣਾ ਚਾਹੁੰਦੇ। ਇਸੇ ਕਾਰਨ ਹੈੱਡ ਆਫਿਸ ਸ਼ਕਤੀ ਸਦਨ ਤੋਂ ਪਰਮਿਸ਼ਨ ਦੇਣ ਤੋਂ ਸਾਫ਼ ਨਾਂਹ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੇਹੱਦ ਗੰਭੀਰ ਸਥਿਤੀ ’ਚ ਹੀ ਬਿਜਲੀ ਬੰਦ ਰੱਖਣ ਦੀ ਇਜਾਜ਼ਤ ਿਦੱਤੀ ਜਾਵੇਗੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ ਤੇ ਅਧਿਕਾਰੀ ਪ੍ਰੇਸ਼ਾਨੀ ਨੂੰ ਦੂਰ ਤੋਂ ਹੀ ਅਲਵਿਦਾ ਕਹਿਣਾ ਚਾਹੁੰਦੇ ਹਨ। ਓਵਰਲੋਡ ਫੀਡਰਾਂ ਕਾਰਨ ਪੈਣ ਵਾਲੇ ਫਾਲਟ ਦੇ ਬਾਵਜੂਦ ਲੋਕ ਪਾਵਰਕਾਮ ਦੀਆਂ ਨੀਤੀਆਂ ਦੇ ਖ਼ਿਲਾਫ਼ ਆਪਣੀ ਭੜਾਸ ਕੱਢ ਰਹੇ ਹਨ। ਵਿਭਾਗ ਇਸ ਤਰ੍ਹਾਂ ਦੇ ਵਿਰੋਧ ਤੋਂ ਬਚਣਾ ਚਾਹੁੰਦਾ ਹੈ, ਇਸ ਲਈ ਰਿਪੇਅਰ ਦੇ ਨਾਂ ’ਤੇ ਪਾਵਰਕੱਟ ਲਾਉਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News