ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਵੀਰ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ’ਤੇ ਸੀ.ਬੀ.ਆਈ. ਦੀ ਟੀਮ ਵੱਲੋਂ ਤਲਾਸ਼ੀ

Tuesday, Oct 06, 2026 - 08:28 PM (IST)

ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਵੀਰ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ’ਤੇ ਸੀ.ਬੀ.ਆਈ. ਦੀ ਟੀਮ ਵੱਲੋਂ ਤਲਾਸ਼ੀ

ਭਵਾਨੀਗੜ੍ਹ (ਵਿਕਾਸ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਦੀ ਭਵਾਨੀਗੜ੍ਹ ਨੇੜਲੇ ਪਿੰਡ ਘਰਾਚੋਂ ਸਥਿਤ ਰਿਹਾਇਸ਼ ’ਤੇ ਮੰਗਲਵਾਰ ਸ਼ਾਮ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਕਾਰਵਾਈ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮਾਮਲਾ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਹੀ ਸੀ.ਬੀ.ਆਈ. ਦੀ ਇਕ ਟੀਮ ਵੱਲੋਂ ਮੋਹਾਲੀ ਵਿਖੇ ਰਾਜਵੀਰ ਘੁੰਮਣ ਨਾਲ ਸਬੰਧਤ ਵਿਅਕਤੀ ਦੇ ਟਿਕਾਣੇ ’ਤੇ ਵੀ ਤਲਾਸ਼ੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਸੀ.ਬੀ.ਆਈ. ਵੱਲੋਂ ਕਥਿਤ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਵੱਖ-ਵੱਖ ਟਿਕਾਣਿਆਂ ’ਤੇ ਇੱਕੋ ਸਮੇਂ ਕਾਰਵਾਈ ਕੀਤੀ ਗਈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਸੀ.ਬੀ.ਆਈ. ਨੂੰ ਕੇਸ ਦਰਜ ਕਰਕੇ ਦੋ ਮਹੀਨਿਆਂ ਅੰਦਰ ਸਟੇਟਸ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਗਲਵਾਰ ਦੇਰ ਸ਼ਾਮ ਕਰੀਬ 8.30 ਵਜੇ ਤੱਕ ਸੀਬੀਆਈ ਅਧਿਕਾਰੀ ਘਰਾਚੋਂ ਸਥਿਤ ਰਿਹਾਇਸ਼ ਦੇ ਅੰਦਰ ਮੌਜੂਦ ਸਨ ਤੇ ਤਲਾਸ਼ੀ ਜਾਰੀ ਸੀ। 

ਇਸ ਦੌਰਾਨ ਰਿਹਾਇਸ਼ ਦੇ ਬਾਹਰ ਪੁਲਸ ਮੁਲਾਜ਼ਮ ਵੀ ਤਾਇਨਾਤ ਰਹੇ। ਇਸ ਸਬੰਧੀ ਜਦੋਂ ਭਵਾਨੀਗੜ੍ਹ ਦੇ ਡੀਐਸਪੀ ਸਤਨਾਮ ਸਿੰਘ ਰਿਹਾਇਸ਼ ਤੋਂ ਬਾਹਰ ਆਏ ਤਾਂ ਮੀਡੀਆ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਡੀਐਸਪੀ ਨੇ ਸਿਰਫ਼ ਇੰਨਾ ਦੱਸਿਆ ਕਿ ਘਰ ਦੇ ਅੰਦਰ ਰੇਡ ਚੱਲ ਰਹੀ ਹੈ ਤੇ ਟੀਮ ਵਿਚ ਕਰੀਬ 5-6 ਅਧਿਕਾਰੀ ਮੌਜੂਦ ਹਨ। ਉਨ੍ਹਾਂ ਇਸ ਤੋਂ ਇਲਾਵਾ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ।


author

Anmol Tagra

Content Editor

Related News