ਇਲੈਕਸ਼ਨ ਡਾਇਰੀ: . . . ਤਾਂ 70 ਸਾਲ ਪਹਿਲਾਂ ਭਾਰਤ ਨੂੰ ਮਿਲ ਜਾਂਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੀਟ

04/21/2019 9:45:12 AM

ਜਲੰਧਰ (ਨਰੇਸ਼ ਕੁਮਾਰ)—ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਆਪਣੀ ਰਾਜਨੀਤਕ ਸਮਝ ਤੇ ਦੂਰ ਦ੍ਰਿਸ਼ਟੀ ਦੇ ਹਿਸਾਬ ਨਾਲ ਆਪਣੇ ਕਾਰਜਕਾਲ ਦੌਰਾਨ ਦੇਸ਼ ਲਈ ਫੈਸਲੇ ਕੀਤੇ ਪਰ ਸਾਬਕਾ ਪ੍ਰਧਾਨ ਮੰਤਰੀਆਂ ਦੇ ਕਈ ਫੈਸਲੇ ਅਜਿਹੇ ਵੀ ਸਨ, ਜਿਨ੍ਹਾਂ ਦੇ ਨਤੀਜੇ ਦੇਸ਼ ਨੂੰ ਲੰਮੇ ਸਮੇਂ ਤੱਕ ਭੁਗਤਣੇ ਪਏ। ਇਲੈਕਸ਼ਨ ਡਾਇਰੀ ਦੀ ਇਸ ਵਿਸ਼ੇਸ਼ ਸੀਰੀਜ਼ ’ਚ ਅਸੀਂ ਅੱਜ ਤੋਂ ਉਨ੍ਹਾਂ ਸਿਆਸੀ ਭੁੱਲਾਂ ਦੀ ਗੱਲ ਕਰਾਂਗੇ ਜੋ ਨਾ ਹੁੰਦੀਆਂ ਤਾਂ ਭਾਰਤ ਦੀ ਹਾਲਤ ਸ਼ਾਇਦ ਕੁੱਝ ਵੱਖ ਹੁੰਦੀ। ਭਾਰਤ ਅੱਜ ਵੀ ਸੰਯੁਕਤ ਰਾਸ਼ਟਰ ਦੇ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਸੰਘਰਸ਼ ਕਰ ਰਿਹਾ ਹੈ ਪਰ 1950 ’ਚ ਜੇਕਰ ਜਵਾਹਰ ਲਾਲ ਨਹਿਰੂ ਮੌਕਾ ਨਾ ਗਵਾਉਂਦੇ ਤਾਂ ਭਾਰਤ ਨੂੰ ਇਹ ਸੀਟ ਅੱਜ ਤੋਂ 69 ਸਾਲ ਪਹਿਲਾਂ ਹੀ ਮਿਲ ਗਈ ਹੁੰਦੀ। ਉਸ ਸਮੇਂ ਨਹਿਰੂ ਚੁਣਿਆ ਹੋਇਆ ਪ੍ਰਧਾਨ ਮੰਤਰੀ ਵੀ ਨਹੀਂ ਸੀ ਪਰ ਉਨ੍ਹਾਂ ਨੇ 1950 ’ਚ ਅਮਰੀਕਾ ਵੱਲੋਂ ਭਾਰਤ ਨੂੰ ਦਿੱਤੀ ਗਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।

ਦਰਅਸਲ ਉਸ ਸਮੇਂ ਅਮਰੀਕਾ ਨੇ ਏਸ਼ੀਆ ਤੋਂ ਇਕ ਮੈਂਬਰ ਸ਼ਾਮਲ ਕਰਨ ਲਈ ਚੀਨ ਦੇ ਮੁਕਾਬਲੇ ’ਚ ਭਾਰਤ ਨੂੰ ਪ੍ਰਮੁੱਖਤਾ ਦਿੱਤੀ ਸੀ ਪਰ ਜਵਾਹਰ ਲਾਲ ਨਹਿਰੂ ਦਾ ਝੁਕਾਅ ਚੀਨ ਵੱਲ ਹੋਣ ਕਾਰਨ ਉਨ੍ਹਾਂ ਨੇ ਇਹ ਸੀਟ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਨਹਿਰੂ ਦਾ ਮਤ ਸੀ ਕਿ ਚੀਨ ਦੀ ਕੀਮਤ ’ਤੇ ਭਾਰਤ ਇਹ ਸੀਟ ਨਹੀਂ ਲਵੇਗਾ। ਇਸ ਤੋਂ ਬਾਅਦ ਸੋਵੀਅਤ ਸੰਘ ਨੇ ਵੀ 1955 ’ਚ ਭਾਰਤ ਨੂੰ ਇਸੇ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ ਪਰ ਜਵਾਹਰ ਲਾਲ ਨਹਿਰੂ ਨੇ ਇਸ ਆਫਰ ਨੂੰ ਵੀ ਠੁਕਰਾ ਦਿੱਤਾ ਸੀ। ਉਸ ਸਮੇਂ ਨਹਿਰੂ ਵੱਲੋਂ ਇਸ ਸੀਟ ਨੂੰ ਠੁਕਰਾਏ ਜਾਣ ਦਾ ਕਾਰਨ ਇਹ ਸੀ ਕਿ ਭਾਰਤ ਨੂੰ ਲੱਗ ਰਿਹਾ ਸੀ ਕਿ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ 6ਵੀਂ ਸੀਟ ਖੁਦ ਹਾਸਲ ਹੋ ਜਾਵੇਗੀ। ਅਜਿਹੇ ’ਚ ਉਹ ਸੋਵੀਅਤ ਸੰਘ ਦੀ ਪੇਸ਼ਕਸ਼ ਨੂੰ ਮਨਜ਼ੂਰ ਕਰ ਕੇ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ ਪਰ ਇਤਹਾਸ ਗਵਾਹ ਹੈ ਕਿ ਬਾਅਦ ’ਚ ਚੀਨ ਨੇ ਹੀ ਭਾਰਤ ਦੀ ਪਿੱਠ ’ਚ ਛੁਰਾ ਮਾਰਿਆ ਸੀ ਅਤੇ ਭਾਰਤ ਅੱਜ ਤੱਕ ਇਹ ਸੀਟ ਹਾਸਲ ਕਰਨ ਲਈ ਦੁਨੀਆ ਭਰ ’ਚ ਸੰਘਰਸ਼ ਕਰ ਰਿਹਾ ਹੈ।


Iqbalkaur

Content Editor

Related News