ਸਿਰ ''ਚ ਘੋਟਣਾ ਮਾਰਨ ਨਾਲ ਬਜ਼ੁਰਗ ਦੀ ਮੌਤ, ਸਕੇ ਭਰਾਵਾਂ ਖਿਲਾਫ ਮਾਮਲਾ ਦਰਜ

02/08/2019 6:39:58 PM

ਪਟਿਆਲਾ (ਬਲਜਿੰਦਰ) : ਦੋ ਦਿਨ ਪਹਿਲਾਂ ਥਾਣਾ ਪਸਿਆਣਾ ਦੇ ਅਧੀਨ ਪੈਂਦੇ ਪਿੰਡ ਰਾਜਗੜ੍ਹ ਦੇ ਬਜ਼ੁਰਗ ਬਲਜੀਤ ਸਿੰਘ ਉਮਰ 53 ਦੇ ਸਿਰ ਵਿਚ ਘੋਟਣਾ ਮਾਰਨ ਕਾਰਨ ਲੱਗੀ ਸੱਟ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਗੁਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਪਿੰਡ ਰਾਜਗੜ੍ਹ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਪੁਲਸ ਕੋਲ ਅਮਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਪਸਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਪ੍ਰੀਤ ਸਿੰਘ ਉਸ ਦੇ ਮਾਮੇ ਦਾ ਲੜਕਾ ਹੈ, ਜੋ ਕਿ ਉਸ ਦੀ ਪਤਨੀ 'ਤੇ ਬੁਰੀ ਨਜ਼ਰ ਰੱਖਦਾ ਸੀ।
6 ਫਰਵਰੀ ਨੂੰ ਗੁਰਪ੍ਰੀਤ ਨੇ ਉਸ ਦੀ ਪਤਨੀ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ ਕੀਤੀ ਅਤੇ ਧੱਕੇ ਨਾਲ ਗਲੀ ਵਿਚੋਂ ਆਪਣੇ ਘਰ 'ਚ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੌਲਾ ਸੁਣ ਕੇ ਉਸ ਦੇ ਪਿਤਾ ਬਲਜੀਤ ਸਿੰਘ ਬਾਹਰ ਆਏ ਤਾਂ ਗੁਰਪ੍ਰੀਤ ਸਿੰਘ ਨੇ ਆਪਣੇ ਘਰੋਂ ਘੋਟਣਾ ਚੁੱਕ ਕੇ ਲਿਆਇਆ ਤੇ ਉਸ ਦੇ ਪਿਤਾ ਦੇ ਸਿਰ ਵਿਚ ਮਾਰਿਆ। ਇਸ ਦੌਰਾਨ ਉਸ ਦਾ ਪਿਤਾ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਿਸ ਨੂੰ ਇਲਾਜ ਦੇ ਲਈ ਸੈਕਟਰ 32 ਦੇ ਹਸਪਤਾਲ ਚੰਡੀਗੜ੍ਹ ਵਿਚ ਭਰਤੀ ਕਰਵਾਇਆ ਗਿਆ ਤਾਂ ਉਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਦੇ ਖਿਲਾਫ 302, 504 ਅਤੇ 34 ਆਈ.ਪੀ.ਸੀ. ਦੇ ਤਹਿਤ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ।


Gurminder Singh

Content Editor

Related News